ਪਣਜੀ, 14 ਅਗਸਤ
ਦੱਖਣੀ ਗੋਆ ਦੇ ਸਾਓ ਜੈਸਿੰਟੋ ਟਾਪੂ ਵਿੱਚ ਤਿਰੰਗਾ ਲਹਿਰਾਉਣ ਗਈ ਭਾਰਤੀ ਜਲ ਸੈਨਾ ਨੂੰ ਸਥਾਨਕ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਜਲ ਸੈਨਾ ਵੱਲੋਂ ਟਾਪੂ ਵਾਸੀਆਂ ਦੀਆਂ ‘ਗ਼ਲਤਫਹਿਮੀਆਂ’ ਦੂਰ ਕਰਨ ਮਗਰੋਂ ਅੱਜ ਝੰਡਾ ਲਹਿਰਾਇਆ ਗਿਆ। ਭਾਰਤੀ ਰੱਖਿਆ ਮੰਤਰਾਲੇ ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਦੇ ਵੱਖ-ਵੱਖ ਟਾਪੂਆਂ ’ਤੇ ‘ਆਜ਼ਾਦੀ ਕਾ ਅੰਮ੍ਰਿਤਮਹੋਤਸਵ’ ਤਹਿਤ 13 ਤੋਂ 15 ਅਗਸਤ ਤੱਕ ਕੌਮੀ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਉਲੀਕਿਆ ਸੀ। ਜਲ ਸੈਨਾ ਦੇ ਸੂਬੇ ਵਿੱਚ ਡਾਬੋਲਿਮ ਵਿੱਚ ਆਈਐੱਨਐੱਸ ਹੰਸਾ ਬੇਸ ਦੇ ਤਰਜਮਾਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਗੋਆ ਜਲ ਖੇਤਰ ਦੀ ਇੱਕ ਟੀਮ ਟਾਪੂਆਂ ’ਤੇ ਝੰਡਾ ਚੜ੍ਹਾਉਣ ਗਈ ਸੀ। ਜਦੋਂ ਉਹ 13 ਅਗਸਤ ਨੂੰ ਸਾਓ ਜੈਸਿੰਟੋ ਟਾਪੂ ’ਤੇ ਪਹੁੰਚੇ ਤਾਂ ਸਥਾਨਕ ਲੋਕਾਂ ਨੇ ਵਿਰੋਧ ਕੀਤਾ, ਜਿਸ ਕਾਰਨ ਝੰਡਾ ਲਹਿਰਾਉਣ ਦੀ ਰਸਮ ਰੱਦ ਕਰਨੀ ਪਈ। ਸਥਾਨਕ ਲੋਕਾਂ ਨੇ ਸਪਸ਼ਟ ਕੀਤਾ ਕਿ ਉਹ ਰਾਸ਼ਟਰੀ ਝੰਡਾ ਲਹਿਰਾਉਣ ਦੇ ਖ਼ਿਲਾਫ਼ ਨਹੀਂ ਹਨ। -ਪੀਟੀਆਈ