ਨਵੀਂ ਦਿੱਲੀ, 8 ਅਪਰੈਲ
ਸੀਬੀਆਈ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਮੁੱਢਲੀ ਜਾਂਚ ਮਾਮਲੇ ਵਿੱਚ ਅੱਜ ਮੁੰਬਈ ਦੇ ਸਾਬਕਾ ਪੁਲੀਸ ਮੁਖੀ ਪਰਮਬੀਰ ਸਿੰਘ ਤੇ ਮੁਅੱਤਲਸ਼ੁਦਾ ਵਿਵਾਦਿਤ ਪੁਲੀਸ ਅਧਿਕਾਰੀ ਸਚਿਨ ਵਜ਼ੇ ਤੋਂ ਪੁੱਛਗਿੱਛ ਕੀਤੀ। ਬੰਬੇ ਹਾਈ ਕੋਰਟ ਨੇ ਕੇਂਦਰੀ ਜਾਂਚ ਏਜੰਸੀ ਨੂੰ 15 ਦਿਨਾਂ ਅੰਦਰ ਜਾਂਚ ਮੁਕੰਮਲ ਕਰਨ ਲਈ ਕਿਹਾ ਹੈ। ਸੀਬੀਆਈ ਨੇ ਵਧੀਕ ਪੁਲੀਸ ਕਮਿਸ਼ਨਰ ਸੰਜੈ ਪਾਟਿਲ ਨੂੰ ਵੀ ਸਵਾਲ ਪੁੱਛੇ। ਸੀਬੀਆਈ ਅਧਿਕਾਰੀ ਮੁੰਬਈ ਅਧਾਰਿਤ ਵਕੀਲ ਜੈਸ਼੍ਰੀ ਪਾਟਿਲ ਨੂੰ ਵੀ ਮਿਲੇ। ਪਾਟਿਲ ਵੱਲੋਂ ਦਾਇਰ ਪਟੀਸ਼ਨ ’ਤੇ ਹੀ ਬੰਬੇ ਹਾਈ ਕੋਰਟ ਨੇ ਸੀਬੀਆਈ ਨੂੰ ਮੁੱਢਲੀ ਜਾਂਚ ਦੇ ਹੁਕਮ ਦਿੱਤੇ ਸਨ। -ਪੀਟੀਆਈ