ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ (71) ਆਖਿਰ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋ ਗਏ। ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਕੇਸ ’ਚ ਪੁੱਛ-ਪੜਤਾਲ ਤੋਂ ਉਹ ਬਚਦੇ ਆ ਰਹੇ ਸਨ। ਈਡੀ ਨੇ ਉਨ੍ਹਾਂ ਨੂੰ ਪੰਜ ਵਾਰ ਪੇਸ਼ ਹੋਣ ਲਈ ਤਲਬ ਕੀਤਾ ਸੀ। ਉਹ ਦੱਖਣੀ ਮੁੰਬਈ ਦੇ ਬੈਲਾਰਡ ਐਸਟੇਟ ਇਲਾਕੇ ’ਚ ਏਜੰਸੀ ਦੇ ਦਫ਼ਤਰ ’ਚ ਸਵੇਰੇ ਕਰੀਬ 11.40 ਵਜੇ ਆਪਣੇ ਵਕੀਲਾਂ ਨਾਲ ਪਹੁੰਚੇ। ਬੰਬੇ ਹਾਈ ਕੋਰਟ ਵੱਲੋਂ ਪਿਛਲੇ ਹਫ਼ਤੇ ਸੰਮਨ ਰੱਦ ਕਰਨ ਤੋਂ ਇਨਕਾਰ ਕੀਤੇ ਜਾਣ ’ਤੇ ਦੇਸ਼ਮੁਖ ਨੂੰ ਈਡੀ ਅੱਗੇ ਪੇਸ਼ ਹੋਣਾ ਪਿਆ ਹੈ। ਈਡੀ ਦਫ਼ਤਰ ’ਚ ਜਾਣ ਤੋਂ ਪਹਿਲਾਂ ਦੇਸ਼ਮੁਖ ਨੇ ਵੀਡੀਓ ਸੁਨੇਹੇ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,‘‘ਮੀਡੀਆ ’ਚ ਇਹ ਆਖਿਆ ਜਾ ਰਿਹਾ ਹੈ ਕਿ ਮੈਂ ਈਡੀ ਨਾਲ ਸਹਿਯੋਗ ਨਹੀਂ ਕਰ ਰਿਹਾ ਹਾਂ। ਸੌੜੇ ਨਿੱਜੀ ਹਿੱਤਾਂ ਕਾਰਨ ਝੂਠਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਮੈਂ ਦੋ ਵਾਰ ਤਲਬ ਕੀਤੇ ਜਾਣ ’ਤੇ ਸੀਬੀਆਈ ਅੱਗੇ ਪੇਸ਼ ਹੋ ਚੁੱਕਾ ਹਾਂ। ਮੇਰੀ ਪਟੀਸ਼ਨ ਅਜੇ ਵੀ ਸੁਪਰੀਮ ਕੋਰਟ ’ਚ ਬਕਾਇਆ ਪਈ ਹੈ ਪਰ ਇਸ ’ਚ ਅਜੇ ਸਮਾਂ ਲੱਗੇਗਾ। ਇਸ ਕਰਕੇ ਮੈਂ ਈਡੀ ਕੋਲ ਪੇਸ਼ ਹੋਣ ਲਈ ਜਾ ਰਿਹਾ ਹਾਂ। ਈਡੀ ਨੇ ਜਦੋਂ ਜੂਨ ’ਚ ਛਾਪਾ ਮਾਰਿਆ ਸੀ ਤਾਂ ਮੈਂ ਅਤੇ ਮੇਰੇ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ ਸੀ।’’ -ਪੀਟੀਆਈ