ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਗ੍ਰਹਿ ਮੰਤਰਾਲੇ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਦੇ ਮੁਖੀ ਆਨੰਦ ਸ਼ਰਮਾ ਨੂੰ ਅਪੀਲ ਕੀਤੀ ਹੈ ਕਿ ‘ਟੈਕ ਫੌਗ’ ਨਾਂ ਦੀ ਐਪ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ਟਰੈਂਡ ’ਤੇ ਕੰਟਰੋਲ ਸਥਾਪਤ ਕਰਨ ਅਤੇ ਛੇੜਛਾੜ ਕਰਨ ਦੇ ਮੁੱਦੇ ’ਤੇ ਚਰਚਾ ਕਰਨ ਲਈ ਕਮੇਟੀ ਦੀ ਮੀਟਿੰਗ ਸੱਦੀ ਜਾਵੇ। ਡੈਰੇਕ ਓ’ਬ੍ਰਾਇਨ ਨੇ ਕਾਂਗਰਸ ਦੇ ਸੀਨੀਅਰ ਆਗੂ ਨੂੰ ਅੱਜ ਪੱਤਰ ਲਿਖ ਕੇ ਇਹ ਵੀ ਕਿਹਾ ਹੈ ਕਿ ਇਸ ਐਪ ਦੀ ਵਰਤੋਂ ਕੀਤੀ ਜਾਣੀ ਕੌਮੀ ਸੁਰੱਖਿਆ ਤੇ ਨਾਗਰਿਕਾਂ ਦੀ ਨਿੱਜਤਾ ਲਈ ਖਤਰਾ ਹੈ। ਟੀਐੱਸਸੀ ਆਗੂ ਨੇ ਕਮੇਟੀ ਦੀ ਮੀਟਿੰਗ ਬੁਲਾਉਣ ਦੀ ਮੰਗ ਕਰਦਿਆਂ ਸ਼ਰਮਾ ਨੂੰ ਦੂਜੀ ਵਾਰ ਪੱਤਰ ਲਿਖਿਆ ਹੈ। ਜ਼ਿਕਰਯੋਗ ਹੈ ਕਿ ਨਿਊਜ਼ ਪੋਰਟਲ ‘ਦਿ ਵਾਇਰ’ ਦੀ ਇੱਕ ਖ਼ਬਰ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਦੇ ਆਈਟੀ ਸੈੱਲ ਨਾਲ ਜੁੜੇ ਲੋਕ ‘ਟੈੱਕ ਫੌਗ’ ਦੀ ਕਥਿਤ ਤੌਰ ’ਤੇ ਵਰਤੋਂ ਕਰ ਰਹੇ ਹਨ ਤਾਂ ਜੋ ਬੰਦ ਪਏ ਵੱਟਸਐੱਪ ਖਾਤਿਆਂ ਨੂੰ ਕੰਟਰੋਲ ਕੀਤਾ ਜਾ ਸਕੇ, ਹੋਰਨਾਂ ਨੰਬਰਾਂ ਨੂੰ ਸੁਨੇਹੇ ਭੇਜੇ ਜਾ ਸਕਣ ਤੇ ਸੋਸ਼ਲ ਮੀਡੀਆ ਮੰਚਾਂ ’ਤੇ ਟਰੈਂਡ ਕਰਨ ਵਾਲੇ ਵਿਸ਼ਿਆਂ ਨੂੰ ਆਪਣੀ ਮਰਜ਼ੀ ਅਨੁਸਾਰ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਆਪਣੇ ਪੱਤਰ ’ਚ ਕਿਹਾ ਕਿ ਨੰਬਰਾਂ ਨੂੰ ਹਾਈਜੈਕ ਕਰਨ ਦੀ ਇਹ ਉਹੀ ਤਕਨੀਕ ਹੈ ਜੋ ਪੈਗਾਸਸ ਸਪਾਈਵੇਅਰ ਵੱਲੋਂ ਵਰਤੀ ਗਈ ਹੈ। -ਪੀਟੀਆਈ