ਨਵੀਂ ਦਿੱਲੀ, 24 ਜੁਲਾਈ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਕਿਹਾ ਕਿ ਉਪ ਰਾਜਪਾਲ ਅਨਿਲ ਬੈਜਲ ਨੇ ਕਿਸਾਨਾਂ ਦੇ ਅੰਦੋਲਨ ਨਾਲ ਸਬੰਧਤ ਕੇਸਾਂ ’ਚ ਪੈਰਵਾਈ ਕਰਨ ਲਈ ਦਿੱਲੀ ਮੰਤਰੀ ਮੰਡਲ ਵੱਲੋਂ ਕਥਿਤ ਤੌਰ ਉੱਤੇ ਮਨਮਰਜ਼ੀ ਨਾਲ ਵਕੀਲਾਂ ਦਾ ਪੈਨਲ ਨਿਯੁਕਤ ਕੀਤੇੇ ਜਾਣ ਦੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਦਿੱਲੀ ਦੇ ਉੱਪ ਮੁੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ’ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਸਭ ਕੁਝ ‘ਕੇਂਦਰ ਵੱਲੋਂ ਐੱਲਜੀ ਰਾਹੀਂ’ ਹੀ ਕੀਤਾ ਜਾਣਾ ਹੈ ਤਾਂ ਇੱਕ ਚੁਣੀ ਹੋਈ ਸਰਕਾਰ ਦੀ ਕੀ ਲੋੜ ਹੈ। ਇੱਕ ਵਰਚੁਅਲ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਸਿਸੋਦੀਆ ਨੇ ਕਿਹਾ ਕਿ ਉਪ ਰਾਜਪਾਲ ਨੇ ਸੰਵਿਧਾਨ ਤਹਿਤ ਮਿਲੀਆਂ ਆਪਣੀਆਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਮਾਮਲਾ ਰਾਸ਼ਟਰਪਤੀ ਕੋਲ ਭੇਜਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ‘ਇਸ ਤਰ੍ਹਾਂ ਕੈਬਨਿਟ ਦੇ ਫ਼ੈਸਲਿਆਂ ਨੂੰ ਬਦਲਨਾ ਦਿੱਲੀ ਦੇ ਲੋਕਾਂ ਦੀ ਤੌਹੀਨ ਹੈ।’ -ਪੀਟੀਆਈ