ਨਵੀਂ ਦਿੱਲੀ, 21 ਜੁਲਾਈ
ਦਿੱਲੀ ਦੇ ਉਪ ਰਾਜਪਾਲ ਵੀ.ਕੇ.ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 1 ਅਗਸਤ ਲਈ ਪ੍ਰਸਤਾਵਿਤ ਸਿੰਗਾਪੁਰ ਫੇਰੀ ਸਬੰਧੀ ਤਜਵੀਜ਼ ਰੱਦ ਕਰ ਦਿੱਤੀ ਹੈ। ਉਪ ਰਾਜਪਾਲ ਨੇ ਕਿਹਾ ਕਿ ‘ਮੇਅਰਾਂ ਦੀ ਕਾਨਫਰੰਸ’ ਵਿੱਚ ਮੁੱਖ ਮੰਤਰੀ ਕੇਜਰੀਵਾਲ ਦੀ ਹਾਜ਼ਰੀ ਨਾਲ ‘ਗ਼ਲਤ ਪਿਰਤਾਂ’ ਪੈਣਗੀਆਂ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਉਪ ਰਾਜਪਾਲ ਨੇ ਕੇਜਰੀਵਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਅਗਲੇ ਮਹੀਨੇ ਸਿੰਗਾਪੁਰ ਵਿੱਚ ਹੋਣ ਵਾਲੀ ਵਰਲਡ ਸਿਟੀਜ਼ ਸਿਖਰ ਵਾਰਤਾ ਵਿੱਚ ਸ਼ਾਮਲ ਨਾ ਹੋਣ, ਕਿਉਂ ਜੋ ਇਹ ਮੇਅਰਾਂ ਦੀ ਕਾਨਫਰੰਸ ਹੈ ਤੇ ਮੁੱਖ ਮੰਤਰੀ ਦਾ ਇਸ ਵਿੱਚ ਸ਼ਾਮਲ ਹੋਣਾ ਢੁੱਕਵਾਂ ਨਹੀਂ ਹੈ।
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਪੂਰੇ ਘਟਨਾਕ੍ਰਮ ਨੂੰ ‘ਨੀਵੇਂ ਦਰਜੇ ਦੀ ਸਿਆਸਤ’ ਕਰਾਰ ਦਿੰਦਿਆਂ ਕਿਹਾ ਕਿ ਦਿੱਲੀ ਸਰਕਾਰ ਕੇਜਰੀਵਾਲ ਦੀ ਸਿੰਗਾਪੁਰ ਫੇਰੀ ਵਾਸਤੇ ਸਿਆਸੀ ਪ੍ਰਵਾਨਗੀ ਲਈ ਸਿੱਧਾ ਵਿਦੇਸ਼ ਮੰਤਰਾਲਾ ਨਾਲ ਸੰਪਰਕ ਕਰੇਗੀ। ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਵਿਦੇਸ਼ ਫੇਰੀ ਲਈ ਉਪ ਰਾਜਪਾਲ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਦੇ ਨਾਲ ਵਿਦੇਸ਼ ਮੰਤਰਾਲੇ ਤੋਂ ਹਰੀ ਝੰਡੀ ਵੀ ਲੋੜੀਂਦੀ ਹੈ। ਉਂਜ ਇਹ ਦੂਜੀ ਵਾਰ ਹੈ ਜਦੋਂ ਕੇਜਰੀਵਾਲ ਨੂੰ ਕਿਸੇ ਕੌਮਾਂਤਰੀ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਰੋਕਿਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2019 ਵਿੱਚ ਵਿਦੇਸ਼ ਮੰਤਰਾਲੇ ਨੇ ਕੇਜਰੀਵਾਲ ਨੂੰ ਡੈਨਮਾਰਕ ਵਿੱਚ ਕੋਪੈੱਨਹੇਗਨ ਸੀ40 ਵਰਲਡ ਮੇਅਰਾਂ ਦੀ ਸਿਖਰ ਵਾਰਤਾ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਮੁੱਖ ਮੰਤਰੀ ਨੇ ਹਾਲਾਂਕਿ ਵਾਰਤਾ ਨੂੰ ਵਰਚੁਅਲੀ ਸੰਬੋਧਨ ਕੀਤਾ ਸੀ। -ਪੀਟੀਆਈ
ਫਿਰ ਤਾਂ ਪ੍ਰਧਾਨ ਮੰਤਰੀ ਵੀ ਕਿੱਧਰੇ ਨਹੀਂ ਜਾ ਸਕਣਗੇ: ਕੇਜਰੀਵਾਲ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਵਿੱਚ ਉਪ ਰਾਜਪਾਲ ਨੂੰ ਮੁਖਾਤਬਿ ਹੁੰਦਿਆਂ ਕਿਹਾ ਕਿ ਜੇਕਰ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਵਿਸ਼ਿਆਂ ਦੇ ਹਿਸਾਬ ਨਾਲ ਵਿਦੇਸ਼ ਫੇਰੀ ਬਾਰੇ ਫੈਸਲੇ ਲੈਂਦੇ ਰਹੇ ਤਾਂ ਸ਼ਾਇਦ ਪ੍ਰਧਾਨ ਮੰਤਰੀ ਵੀ ਕਿਤੇ ਇਧਰ ਉਧਰ ਨਾ ਜਾ ਸਕਣ।