ਅਗਰਤਲਾ, 27 ਨਵੰਬਰ
ਤ੍ਰਿਪੁਰਾ ਦੇ ਖੋਵਈ ਜ਼ਿਲ੍ਹੇ ਵਿਚ ਡਿਪਰੈਸ਼ਨ (ਮਾਨਸਿਕ ਤਣਾਅ) ਦੇ ਸ਼ਿਕਾਰ ਇਕ ਵਿਅਕਤੀ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਪੰਜ ਜਣਿਆਂ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾਂ ’ਚ ਇਕ ਪੁਲੀਸ ਇੰਸਪੈਕਟਰ ਵੀ ਸ਼ਾਮਲ ਹੈ। ਦੋ ਹੋਰਾਂ ਦੀ ਹਾਲਤ ਗੰਭੀਰ ਹੈ। ਏਐੱਸਪੀ ਰਾਜੀਬ ਸੇਨਗੁਪਤਾ ਨੇ ਦੱਸਿਆ ਕਿ ਪ੍ਰਦੀਪ ਦੇਬਰੌਏ ਨੇ ਆਪਣੀਆਂ ਦੋ ਨੌਜਵਾਨ ਲੜਕੀਆਂ ਅਤੇ ਛੋਟੇ ਭਰਾ ’ਤੇ ਅਚਾਨਕ ਹਮਲਾ ਕਰ ਦਿੱਤਾ। ਉਸ ਨੇ ਉਨ੍ਹਾਂ ਦੀ ਮੌਕੇ ਉਤੇ ਹੀ ਹੱਤਿਆ ਕਰ ਦਿੱਤੀ। ਘਟਨਾ ਸ਼ੇਵਰਾਤਲੀ ਪਿੰਡ ਵਿਚ ਉਨ੍ਹਾਂ ਦੇ ਘਰ ਵਿਚ ਹੀ ਵਾਪਰੀ। ਦੇਬਰੌਏ ਨੇ ਆਪਣੀ ਪਤਨੀ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਸੜਕ ਉਤੇ ਇਕ ਆਟੋ ਰਿਕਸ਼ਾ ਡਰਾਈਵਰ ਨੂੰ ਰੋਕਿਆ ਤੇ ਉਸ ਦੀ ਹੱਤਿਆ ਕਰ ਦਿੱਤੀ। ਡਰਾਈਵਰ ਦੇ ਪੁੱਤਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। -ਪੀਟੀਆਈ