ਨਵੀਂ ਦਿੱਲੀ, 25 ਅਗਸਤ
ਭਾਰਤੀ ਫੌਜ ਨੇ ਪੂਰਬੀ ਲੱਦਾਖ ਵਿੱਚ ਚੀਨੀ ਹੈਲੀਕਾਪਟਰਾਂ ਦੀਆਂ ਵਧੀਆਂ ਗਤੀਵਿਧੀਆਂ ਨੂੰ ਦੇਖਦਿਆਂ ਆਪਣੀ ਤਿਆਰੀ ਨੂੰ ਹੋਰ ਮਜ਼ਬੂਤ ਕਰਦਿਆਂ ਸੰਜੀਦਾ ਖੇਤਰਾਂ ਵਿੱਚ ਮੋਬਾਈਲ ਮਿਜ਼ਾਈਲਾਂ ਤਾਇਨਾਤ ਕਰ ਦਿੱਤੀਆਂ ਹਨ ਜਿਨ੍ਹਾਂ ਨੂੰ ਮੋਢਿਆਂ ’ਤੇ ਰੱਖ ਕੇ ਦਾਗਿਆ ਜਾ ਸਕਦਾ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਮਿਜ਼ਾਈਲਾਂ ਦੋ ਤੋਂ ਪੰਜ ਕਿਲੋਮੀਟਰ ਤਕ ਪੱਕਾ ਨਿਸ਼ਾਨਾ ਲਾਉਣ ਦੇ ਸਮਰੱਥ ਹਨ। ਇਨ੍ਹਾਂ ਮਿਜ਼ਾਈਲਾਂ ਨਾਲ ਹੇਠਾਂ ਉਡਾਣ ਭਰਨ ਵਾਲੇ ਹੈਲੀਕਾਪਟਰਾਂ ਅਤੇ ਜਹਾਜ਼ਾਂ ਨੂੰ ਡੇਗਿਆ ਜਾ ਸਕਦਾ ਹੈ।
ਪੂਰਬੀ ਲੱਦਾਖ ਵਿੱਚ ਥਲ ਸੈਨਾ ਅਤੇ ਭਾਰਤੀ ਹਵਾਈ ਫੌਜ (ਆਈਏਐਫ) ਦੀ ਲੜਾਈ ਸਮਰੱਥਾਵਾਂ ਨੂੰ ਮਹੱਤਵਪੂਰਨ ਢੰਗ ਨਾਲ ਵਧਾਉਣ ਲਈ ਭਾਰਤ ਨੇ ਆਪਣੀਆਂ ਤਿਆਰੀਆਂ ਵਜੋਂ ਮੋਢਿਆਂ ’ਤੇ ਰੱਖ ਕੇ ਮਿਜ਼ਾਈਲਾਂ ਚਲਾਉਣ ਵਾਲੀ ਟੁਕੜੀ ਦੀ ਤਾਇਨਾਤੀ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਤੋਂ ਇਸ ਖੇਤਰ ਵਿੱਚ ਚੀਨੀ ਹਵਾਈ ਸੈਨਾ ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਭਾਰਤ ਵੱਲੋਂ ਇਹ ਤਾਇਨਾਤੀ ਕੀਤੀ ਗਈ ਹੈ।-ਏਜੰਸੀ