ਨਵੀਂ ਦਿੱਲੀ, 1 ਸਤੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੀਡੀਪੀ ਵਿਕਾਸ ਦਰ ’ਚ ਭਾਰੀ ਗਿਰਾਵਟ ਦੇ ਮੁੱਦੇ ’ਤੇ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਦਾਅਵਾ ਕੀਤਾ ਕਿ ਅਰਥਚਾਰੇ ਦੀ ਬਰਬਾਦੀ ਨੋਟਬੰਦੀ ਤੋਂ ਸ਼ੁਰੂ ਹੋਈ ਸੀ ਅਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗਲਤ ਨੀਤੀ ਅਪਣਾਈ ਗਈ ਹੈ।
ਉਨ੍ਹਾਂ ਟਵੀਟ ਕੀਤਾ, ‘ਜੀਡੀਪੀ ਮਨਫੀ 23.9 ਫੀਸਦ ਹੋ ਗਈ ਹੈ। ਦੇਸ਼ ਦੇ ਅਰਥਚਾਰੇ ਦੀ ਬਰਬਾਦੀ ਨੋਟਬੰਦੀ ਤੋਂ ਸ਼ੁਰੂ ਹੋਈ ਸੀ। ਉਸ ਮਗਰੋਂ ਸਰਕਾਰ ਨੇ ਇੱਕ ਤੋਂ ਬਾਅਦ ਇੱਕ ਗਲਤ ਨੀਤੀਆਂ ਦੀ ਲਾਈਨ ਲਗਾ ਦਿੱਤੀ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘ਅੱਜ ਤੋਂ ਛੇ ਮਹੀਨੇ ਪਹਿਲਾਂ ਰਾਹੁਲ ਗਾਂਧੀ ਨੇ ਆਰਥਿਕ ਸੁਨਾਮੀ ਆਉਣ ਦੀ ਗੱਲ ਕਹੀ ਸੀ। ਕਰੋਨਾ ਸੰਕਟ ਦੌਰਾਨ ਹਾਥੀ ਦੇ ਦੰਦ ਦਿਖਾਉਣ ਵਾਂਗ ਇੱਕ ਪੈਕੇਜ ਦਾ ਐਲਾਨ ਹੋਇਆ ਸੀ ਪਰ ਅੱਜ ਹਾਲਾਤ ਦੇਖੋ। ਜੀਡੀਪੀ ਮਨਫੀ 23.9 ਫੀਸਦ ਤੱਕ ਡਿੱਗ ਗਈ। ਭਾਜਪਾ ਸਰਕਾਰ ਨੇ ਅਰਥਚਾਰੇ ਨੂੰ ਡੁਬੋ ਦਿੱਤਾ।’ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ‘ਮੋਦੀ ਜੀ ਹੁਣ ਤਾਂ ਮੰਨ ਲਊ ਕਿ ਜਿਸ ਨੂੰ ਤੁਸੀਂ ‘ਮਾਸਟਰ ਸਟ੍ਰੋਕ’ ਕਿਹਾ ਸੀ ਉਹ ਅਸਲ ਵਿੱਚ ‘ਡਿਜ਼ਾਸਟਰ ਸਟ੍ਰੋਕ’ ਸੀ। ਨੋਟਬੰਦੀ, ਗਲਤ ਜੀਐੱਸਟੀ ਤੇ ਦੇਸ਼ਬੰਦੀ (ਲੌਕਡਾਊਨ)।’ ਇਸੇ ਦੌਰਾਨ ਸੀਪੀਆਈ (ਐੱਮ) ਨੇ ਦਾਅਵਾ ਕੀਤਾ ਹੈ ਕਿ ਜੋ ਨਵੇਂ ਅਧਿਕਾਰਤ ਅੰਕੜੇ ਸਾਹਮਣੇ ਆਏ ਹਨ ਉਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਅਰਥਚਾਰੇ ਦੀ ਬਰਬਾਰੀ ਕੋਵਿਡ-19 ਤੋਂ ਵੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। -ਪੀਟੀਆਈ