ਨਵੀਂ ਦਿੱਲੀ, 16 ਦਸੰਬਰ
ਮੁੱਖ ਅੰਸ਼
- ਹੜਤਾਲ ਦੇ ਪਹਿਲੇ ਦਿਨ ਬੈਂਕਿੰਗ ਸੇਵਾਵਾਂ ਅਸਰਅੰਦਾਜ਼
- 18,600 ਕਰੋੜ ਰੁਪਏ ਦਾ ਲੈਣ-ਦੇਣ ਰੁਕਿਆ
ਸਰਕਾਰੀ ਬੈਂਕਾਂ ਦੇ ਨਿੱਜੀਕਰਨ ਖਿਲਾਫ਼ ਬੈਂਕ ਮੁਲਾਜ਼ਮਾਂ ਦੀ ਅੱਜ ਤੋਂ ਸ਼ੁਰੂ ਹੋਈ ਦੋ ਰੋਜ਼ਾ ਦੇਸ਼ਿਵਆਪੀ ਹੜਤਾਲ ਦੇ ਪਹਿਲੇ ਦਿਨ ਬੈਂਕਿੰਗ ਸੇਵਾਵਾਂ ਵੱਡੇ ਪੱਧਰ ’ਤੇ ਅਸਰਅੰਦਾਜ਼ ਹੋਈਆਂ। ਹੜਤਾਲ ਕਰਕੇ ਪਹਿਲੇ ਦਿਨ 18,600 ਕਰੋੜ ਰੁਪਏ ਦਾ ਲੈਣ-ਦੇਣ ਰੁਕ ਗਿਆ। ਲੋਕ ਬੈਂਕਾਂ ’ਚ ਪੈਸੇ ਜਮ੍ਹਾਂ ਕਰਵਾਉਣ ਤੇ ਕਢਵਾਉਣ ਅਤੇ ਚੈੱਕ ਕਲੀਅਰੈਂਸ ਜਿਹੀਆਂ ਮੁਸ਼ਕਲਾਂ ਨਾਲ ਜੂਝਦੇ ਰਹੇ। ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਤੇ ਬੈਂਕ ਆਫ਼ ਇੰਡੀਆ ਸਮੇਤ ਹੋਰਨਾਂ ਕਈ ਸਰਕਾਰੀ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹੀਆਂ। ਹੜਤਾਲ ਕਰਕੇ ਭਲਕੇ ਸ਼ੁੱਕਰਵਾਰ ਨੂੰ ਵੀ ਬੈਂਕਿੰਗ ਸੇਵਾਵਾਂ ਦੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਉਧਰ ਨਿੱਜੀ ਖੇਤਰ ਦੇ ਬੈਂਕਾਂ ਨੇ ਅੱਜ ਆਮ ਵਾਂਗ ਕੰਮਕਾਜ ਕੀਤਾ, ਹਾਲਾਂਕਿ ਉਨ੍ਹਾਂ ਨੂੰ ਵੀ ਅੰਤਰ-ਬੈਂਕ ਚੈੱਕ ਕਲੀਅਰੈਂਸ ਦੀ ਮੁਸ਼ਕਲ ਨਾਲ ਦੋ ਚਾਰ ਹੋਣਾ ਪਿਆ। ਹੜਤਾਲ ਦਾ ਸੱਦਾ ਨੌਂ ਬੈਂਕ ਯੂਨੀਅਨਾਂ ਦੀ ਸ਼ਮੂਲੀਅਤ ਵਾਲੀ ਯੂਨਾਈਟਿਫ ਫੋਰਮ ਆਫ਼ ਬੈਂਕ ਯੂਨੀਅਨ (ਯੂਐੱਫਬੀਯੂ) ਨੇ ਦਿੱਤਾ ਸੀ। ਏਟੀਐੱਮ ਆਮ ਦਿਨਾਂ ਵਾਂਗ ਚੱਲਣ ਕਰਕੇ ਲੋਕਾਂ ਨੇ ਕੁਝ ਰਾਹੁਤ ਮਹਿਸੂਸ ਕੀਤੀ। ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਦੇ ਜਨਰਲ ਸਕੱਤਰ ਸੀ.ਐੱਚ.ਵੈਂਕਟਾਚਲਮ ਮੁਤਾਬਕ ਹੜਤਾਲ ਕਰਕੇ 18,600 ਕਰੋੜ ਰੁਪਏ ਮੁੱਲ ਦੇ 20.4 ਲੱਖ ਚੈੱਕਾਂ ਦਾ ਲੈਣ-ਦੇਣ ਨਹੀਂ ਹੋ ਸਕਿਆ। ਐੱਸਬੀਆਈ ਸਮੇਤ ਹੋਰਨਾਂ ਸਰਕਾਰੀ ਬੈਂਕਾਂ ਨੇ ਹੜਤਾਲ ਦੇ ਸੱਦੇ ਕਰਕੇ ਅਗਾਊਂ ਹੀ ਆਪਣੇ ਗਾਹਕਾਂ ਨੂੰ ਸੇਵਾਵਾਂ ਅਸਰਅੰਦਾਜ਼ ਹੋਣ ਬਾਰੇ ਦੱਸ ਦਿੱਤਾ ਸੀ।
ਉਧਰ ਐੱਚਡੀਐੱਫਸੀ, ਆਈਸੀਆਈਸੀਆਈ ਬੈਂਕ ਤੇ ਕੋਟਕ ਮਹਿੰਦਰਾ ਬੈਂਕ ਜਿਹੇ ਨਿੱਜੀ ਖੇਤਰ ਦੇ ਬੈਂਕ ਆਮ ਵਾਂਗ ਖੁੱਲ੍ਹੇ ਰਹੇ, ਹਾਲਾਂਕਿ ਅੰਤਰ-ਬੈਂਕ ਚੈੱਕ ਕਲੀਅਰੈਂਸ ਦਾ ਕੰਮ ਜ਼ਰੂਰ ਅਸਰਅੰਦਾਜ਼ ਰਿਹਾ। ਏਆਈਬੀਓਸੀ ਦੇ ਜਨਰਲ ਸਕੱਤਰ ਸੌਮਿਆ ਦੱਤਾ ਨੇ ਕਿਹਾ ਕਿ ਦੋ ਰੋਜ਼ਾ ਹੜਤਾਲ ਵਿੱਚ ਸੱਤ ਲੱਖ ਦੇ ਕਰੀਬ ਬੈਂਕ ਮੁਲਾਜ਼ਮ ਸ਼ਾਮਲ ਹਨ। ਵੈਂਕਟਾਚਲਮ ਨੇ ਕਿਹਾ ਕਿ ਹੜਤਾਲ ਨੂੰ ਕਾਂਗਰਸ, ਡੀਐੱਮਕੇ, ਸੀਪੀਆਈ, ਸੀਪੀਐੱਮ, ਟੀਐੱਮਸੀ, ਐੱਨਸੀਪੀ ਤੇ ਸ਼ਿਵ ਸੈਨਾ ਜਿਹੀਆਂ ਕਈ ਸਿਆਸੀ ਪਾਰਟੀਆਂ ਦੀ ਹਮਾਇਤ ਹੈ। ਚੇਤੇ ਰਹੇ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਫਰਵਰੀ ਵਿੱਚ ਪੇਸ਼ ਕੀਤੇ ਕੇਂਦਰੀ ਬਜਟ ਵਿੱਚ ਕੇਂਦਰ ਸਰਕਾਰ ਦੀ ਅਪਨਿਵੇਸ਼ ਯੋਜਨਾ ਤਹਿਤ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ। ਬੈਂਕਾਂ ਦੇ ਨਿੱਜੀਕਰਨ ਲਈ ਸਰਕਾਰ ਨੇ ਸੰਸਦ ਦੇ ਮੌਜੂਦਾ ਇਜਲਾਸ ਵਿੱਚ ਬੈਂਕਿੰਗ ਲਾਅਜ਼ (ਸੋਧ) ਬਿੱਲ 2021 ਪੇਸ਼ ਕਰਨ ਦੀ ਤਿਆਰੀ ਖਿੱਚੀ ਹੋਈ ਹੈ। ਸਰਕਾਰ ਆਈਡੀਬੀਆਈ ਬੈਂਕ ਵਿੱਚਲੀ ਆਪਣੀ ਵੱਡੀ ਹਿੱਸੇਦਾਰੀ ਨੂੰ ਵੇਚ ਦੇ ਪਹਿਲਾਂ ਹੀ ਇਸ ਦਾ ਨਿੱਜੀਕਰਨ ਕਰ ਚੁੱਕੀ ਹੈ। ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ 14 ਸਰਕਾਰੀ ਬੈਂਕਾਂ ਦਾ ਰਲੇਵਾਂ ਵੀ ਕੀਤਾ ਹੈ। -ਪੀਟੀਆਈ