ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਭਾਰਤੀ ਯੂਥ ਕਾਂਗਰਸ ਵੱਲੋਂ ਅੱਜ ਸੰਸਦ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਕੀਤੇ ਗਏ ਵਿਹਾਰ ਖ਼ਿਲਾਫ਼ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਤਲਾ ਫੂਕਿਆ। ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਨੇ ਕਿਹਾ ਕਿ ਅੱਜ ਲੋਕ ਸਭਾ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅਪਮਾਨਜਨਕ ਵਿਹਾਰ ਕੀਤਾ ਹੈ। ਉਨ੍ਹਾਂ ਕਿਹਾ, ‘‘ਅੱਜ ਸੰਸਦ ਨੇ ਭਾਜਪਾ ਦੀ ਗੁੰਡਾਗਰਦੀ ਦੇਖੀ ਅਤੇ ਔਰਤਾਂ ਦੇ ਸਨਮਾਨ ਦੀ ਸਾਡੀ ਮਾਣਮੱਤੀ ਪਰੰਪਰਾ ਦਾ ਸਿਰ ਸ਼ਰਮ ਨਾਲ ਝੁਕ ਗਿਆ। ਅੱਜ ਸੰਸਦ ਕੰਪਲੈਕਸ ਵਿੱਚ ਭਾਜਪਾ ਦੇ ਸੰਸਦ ਮੈਂਬਰਾਂ ਨੇ ਸੋਨੀਆ ਗਾਂਧੀ ਦੇ ਨਾਲ ਦੇਸ਼ ਦੀਆਂ ਕਰੋੜਾਂ ਔਰਤਾਂ ਦਾ ਅਪਮਾਨ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਦੇਸ਼ ਦੀ ਸੇਵਾ, ਏਕਤਾ, ਤਰੱਕੀ ਅਤੇ ਖੁਸ਼ਹਾਲੀ ਨੂੰ ਆਪਣਾ ਪਹਿਲਾ ਫ਼ਰਜ਼ ਸਮਝਿਆ ਹੈ। ਉਨ੍ਹਾਂ ਦਾ ਨਿਮਰ ਸੁਭਾਅ ਅਤੇ ਸਾਰਿਆਂ ਲਈ ਸਤਿਕਾਰ ਹਰ ਸਥਿਤੀ ਵਿੱਚ ਜਾਣਿਆ ਜਾਂਦਾ ਹੈ ਪਰ ਅੱਜ ਸਦਨ ਵਿੱਚ ਭਾਜਪਾ ਆਗੂ ਵੱਲੋਂ ਕੀਤਾ ਗਿਆ ਵਿਹਾਰ ਨਿੰਦਣਯੋਗ ਹੈ। ਯੂਥ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਗੈਰਕਾਨੂੰਨੀ ਬਾਰ ਘੁਟਾਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਮੰਤਰੀ ਭੜਕੇ ਹੋਏ ਹਨ ਪਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਦੁਰਵਿਹਾਰ ਕਰ ਕੇ ਉਹ ਨਾਜਾਇਜ਼ ਬਾਰ ਘੁਟਾਲੇ ਤੋਂ ਨਹੀਂ ਬਚ ਸਕਣਗੇ। ਉਨ੍ਹਾਂ ਕਿਹਾ, ‘‘ਸੰਸਦ ਵਿੱਚ ਸਮ੍ਰਿਤੀ ਇਰਾਨੀ ਦੇ ਗੈਰ-ਸੰਸਦੀ ਵਤੀਰੇ ਨਾਲ ਸੰਸਦ ਦੀ ਮਰਿਆਦਾ ਭੰਗ ਹੋਈ ਹੈ। ਅਜਿਹਾ ਅਣਉਚਿਤ ਵਿਹਾਰ ਸਾਡੀ ਸੰਸਦ ਨੂੰ ਗੰਧਲਾ ਕਰ ਰਿਹਾ ਹੈ। ਲਖੀਮਪੁਰ ਖੀਰੀ ਵਿੱਚ ਜਦੋਂ ਭਾਜਪਾ ਵਰਕਰਾਂ ਨੇ ਨਾਰੀ ਸ਼ਕਤੀ ਨੂੰ ਚੀਕ-ਚਿਹਾੜਾ ਪਾ ਕੇ ਜ਼ਲੀਲ ਕੀਤਾ ਤਾਂ ਸਮ੍ਰਿਤੀ ਇਰਾਨੀ ਚੁੱਪ ਰਹੀ। ਹਾਥਰਸ ਵਿੱਚ ਜਦੋਂ ਰਾਤ ਦੇ ਹਨੇਰੇ ’ਚ ਧੀ ਦੀ ਲਾਸ਼ ਨੂੰ ਪੈਟਰੋਲ ਛਿੜਕ ਕੇ ਸਾੜ ਦਿੱਤਾ ਜਾਂਦਾ ਹੈ, ਪਰਿਵਾਰ ਨਾਲ ਬੇਇਨਸਾਫ਼ੀ ਹੁੰਦੀ ਹੈ ਤਾਂ ਮੰਤਰੀ ਗਾਇਬ ਸੀ। ਉਦੋਂ ਕਥਿਤ ਦੋਸ਼ੀ ਭਾਜਪਾ ਵਿਧਾਇਕ ਖ਼ਿਲਾਫ਼ ਆਵਾਜ਼ ਉਠਾਉਣ ਲਈ ਮੰਤਰੀ ਅੱਗੇ ਕਿਉਂ ਨਹੀਂ ਆਏ?’’ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਮਹਿਲਾ ਪੱਖੀ ਹੋਣ ਦਾ ਦਿਖਾਵਾ ਕਰਨਾ ਬੰਦ ਕਰੇ।
ਭਾਜਪਾ ਵੱਲੋਂ ਅਧੀਰ ਰੰਜਨ ਚੌਧਰੀ ਖ਼ਿਲਾਫ਼ ਨਾਅਰੇਬਾਜ਼ੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਭਾਜਪਾ ਨੇ ਅੱਜ ਇੱਥੇ ਕਾਂਗਰਸ ਹੈੱਡਕੁਆਰਟਰ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਉਨ੍ਹਾਂ ਦੀ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ ਦੁਆਰਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਿਰੁੱਧ ਕੀਤੀ ਟਿੱਪਣੀ ਲਈ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨ ਦੀ ਅਗਵਾਈ ਕਰਦਦਿਆਂ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ਇੰਨੀ ਨੀਵੇਂ ਪੱਧਰ ’ਤੇ ਚਲੀ ਗਈ ਹੈ ਕਿ ਇਸ ਦੇ ਆਗੂ ਦੇਸ਼ ਦੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ’ਤੇ ਕਾਬਜ਼ ਗਰੀਬ ਦੀ ਬੇਟੀ ਨੂੰ ਸਵੀਕਾਰ ਨਹੀਂ ਕਰ ਸਕਦੇ। ਚੌਧਰੀ ਦੀ ‘ਰਾਸ਼ਟਰਪਤਨੀ’ ਟਿੱਪਣੀ ’ਤੇ ਸਿਆਸਤ ਭਖ ਗਈ ਹੈ। ਭਾਜਪਾ ਨੇ ਵਿਰੋਧੀ ਪਾਰਟੀ ’ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਗੁਪਤਾ ਨੇ ਕਿਹਾ ਕਿ ਕਾਂਗਰਸ ਆਗੂ ਵੱਲੋਂ ਰਾਸ਼ਟਰਪਤੀ ਦਾ ਕੀਤਾ ਗਿਆ ਨਿਰਾਦਰ ਬੇਹੱਦ ਨਿੰਦਣਯੋਗ ਹੈ ਤੇ ਪਾਰਟੀ ਦੀ ਕਬਾਇਲੀ ਅਤੇ ਔਰਤ ਵਿਰੋਧੀ ਸੋਚ ਨੂੰ ਨਸ਼ਰ ਕਰਦਾ ਹੈ। ਸੋਨੀਆ ਗਾਂਧੀ ਨੂੰ ਆਪਣੀ ਪਾਰਟੀ ਦੇ ਆਗੂ ਵੱਲੋਂ ਵਰਤੇ ਗਏ ਅਪਮਾਨਜਨਕ ਸ਼ਬਦਾਂ ਲਈ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਹੈੱਡਕੁਆਰਟਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਸੋਨੀਆ ਗਾਂਧੀ ਦਾ ਪੁਤਲਾ ਵੀ ਫੂਕਿਆ। ਪ੍ਰਦਰਸ਼ਨ ਵਿੱਚ ਪਾਰਟੀ ਦੇ ਦੱਖਣੀ ਦਿੱਲੀ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਅਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਵੀ ਸ਼ਾਮਲ ਹੋਏ।