ਨਵੀਂ ਦਿੱਲੀ, 22 ਜੂਨ
ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦਾਅਵਾ ਕੀਤਾ ਹੈ ਕਿ ਕਾਨਪੁਰ ਤੇ ਪ੍ਰਯਾਗਰਾਜ ਨਗਰਪਾਲਿਕਾਵਾਂ ਵੱਲੋਂ ਗੈਰਕਾਨੂੰਨੀ ਉਸਾਰੀਆਂ ਢਾਹੁਣ ਦਾ ਕੰਮ ਕਾਨੂੰਨ ਮੁਤਾਬਕ ਸੀ ਅਤੇ ਇਸ ਦਾ ਦੋ ਭਾਜਪਾ ਆਗੂਆਂ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀਆਂ ਵਿਵਾਦਿਤ ਟਿੱਪਣੀਆਂ ਮਗਰੋਂ ਭੜਕੀ ਹਿੰਸਾ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਨਾਲ ਕੋਈ ਸਬੰਧ ਨਹੀਂ ਹੈ। ਯੂਪੀ ਸਰਕਾਰ ਨੇ ਕਿਹਾ ਕਿ ਪੀੜਤ ਧਿਰਾਂ ਹੀ ਉਸਾਰੀਆਂ ਢਾਹੁਣ ਦੇ ਅਮਲ ਨੂੰ ਚੁਣੌਤੀ ਦੇ ਸਕਦੀਆਂ ਹਨ ਤੇ ਇਹ ਚੁਣੌਤੀ ਸਿਖਰਲੀ ਅਦਾਲਤ ਵਿੱਚ ਨਹੀਂ ਬਲਕਿ ਹਾਈ ਕੋਰਟ ਵਿੱਚ ਦਿੱਤੀ ਜਾਵੇ। ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਯੂਪੀ ਵਿੱਚ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਹੋਈ ਹਿੰਸਾ ਦੇ ਮੁਲਜ਼ਮਾਂ ਦੇ ਘਰ ਢਾਹੁਣ ਦੀ ਕਾਰਵਾਈ ਨੂੰ ਗੈਰਕਾਨੂੰਨੀ ਦਸਦੀਆਂ ਪਟੀਸ਼ਨਾਂ ’ਤੇ ਯੂਪੀ ਸਰਕਾਰ ਤੇ ਇਸ ਦੀਆਂ ਵਿਕਾਸ ਅਥਾਰਿਟੀਆਂ ਤੋਂ ਜਵਾਬ ਮੰਗਿਆ ਸੀ। ਪਟੀਸ਼ਨਾਂ ਦਾਖ਼ਲ ਕਰਨ ਵਾਲਿਆਂ ’ਚ ਜਮਾਇਤ ਉਲੇਮਾ-ਏ-ਹਿੰਦ ਵੀ ਸ਼ਾਮਲ ਹੈ। ਸੂਬਾ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦਾਇਰ ਹਲਫ਼ਨਾਮੇ ਵਿੱਚ ਕਿਹਾ, ‘‘ਪਟੀਸ਼ਨਾਂ ਵਿੱਚ ਜਿਹੜੀਆਂ ਉਸਾਰੀਆਂ ਢਾਹੁਣ ਦਾ ਜ਼ਿਕਰ ਕੀਤਾ ਗਿਆ ਹੈ, ਉਹ ਸਥਾਨਕ ਵਿਕਾਸ ਅਥਾਰਿਟੀਆਂ ਵੱਲੋਂ ਢਾਹੀਆਂ ਗਈਆਂ ਹਨ, ਜੋ ਸੰਵਿਧਾਨਕ ਖੁ਼ਦਮੁਖਤਾਰ ਸੰਸਥਾ ਹੈ। ਉਹ ਸਰਕਾਰੀ ਪ੍ਰਸ਼ਾਸਨ ਤੋਂ ਮੁਕਤ ਹੈ ਤੇ ਗੈਰਕਾਨੂੰਨੀ/ਅਣਅਧਿਕਾਰਤ ਉਸਾਰੀਆਂ/ਨਾਜਾਇਜ਼ ਕਬਜ਼ੇ ਢਾਹੁਣ ਦਾ ਕੰਮ ਯੂਪੀ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਐਕਟ 1972 ਮੁਤਾਬਕ ਹੀ ਕੀਤਾ ਗਿਆ ਹੈ।’’ ਹਲਫ਼ਨਾਮੇ ’ਚ ਸਰਕਾਰ ਨੇ ਇਹ ਗੱਲ ਵੀ ਕਹੀ ਕਿ ਕਿਸ ਵੀ ਪੀੜਤ ਧਿਰ ਨੇ ਅਜੇ ਤੱਕ ਕਾਨੂੰਨੀ ਤਰੀਕੇ ਨਾਲ ਉਸਾਰੀਆਂ ਢਾਹੁਣ ਦੇ ਅਮਲ ਖਿਲਾਫ਼ ਕੋਰਟ ਵਿੱਚ ਦਸਤਕ ਨਹੀਂ ਦਿੱਤੀ। ਸਰਕਾਰ ਨੇ ਕਿਹਾ, ‘‘ਜਿੱਥੋਂ ਤੱਕ ਦੰਗਿਆਂ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਗੱਲ ਹੈ ਤਾਂ ਸੂੁਬਾ ਸਰਕਾਰ ਨੇ ਇਨ੍ਹਾਂ ਖਿਲਾਫ਼ ਸਖ਼ਤ ਕਦਮ ਚੁੱਕਦਿਆਂ ਸੀਆਰਪੀਸੀ, ਯੂਪੀ ਗੈਂਗਸਟਰ, ਸਮਾਜ ਵਿਰੋਧੀ ਸਰਗਰਮੀਆਂ (ਰੋਕੂ) ਐਕਟ, 1986 ਤੇ ਨੇਮ, 2021, ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣ ਲਈ ਬਣੇ ਐਕਟ ਤੇ ਉੱਤਰ ਪ੍ਰਦੇਸ਼ ਵਿੱਚ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਪੁੱਜੇ ਨੁਕਸਾਨ ਦੀ ਭਰਪਾਈ ਲਈ ਐਕਟ 2020 ਤੇ ਨੇਮਾਂ 2021 ਤਹਿਤ ਕਾਰਵਾਈ ਯਕੀਨੀ ਬਣਾਈ ਹੈ।’’ ਸੁਪਰੀਮ ਕੋਰਟ ਨੇ ਉਦੋਂ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿੰਦਿਆਂ ਹਾਈ ਕੋਰਟ ਦਾ ਰੁਖ਼ ਕਰਨ ਦੀ ਖੁੱਲ੍ਹ ਦੇ ਦਿੱਤੀ ਸੀ। ਸੂੁਬਾ ਸਰਕਾਰ ਨੇ ਅੱਗੇ ਕਿਹਾ ਕਿ ਜੇਕਰ ਉਸਾਰੀਆਂ ਢਾਹੁਣ ਦੇ ਅਮਲ ਨੂੰ ਚੁਣੌਤੀ ਦੇਣੀ ਹੈ ਤਾਂ ਇਹ ਸਿਰਫ਼ ਪੀੜਤ ਧਿਰਾਂ ਵੱਲੋਂ ਕੀਤੀ ਜਾਵੇ, ਉਹ ਵੀ ਹਾਈ ਕੋਰਟ ਵਿੱਚ, ਇਸ ਕੋਰਟ ਵਿੱਚ ਨਹੀਂ। -ਪੀਟੀਆਈ
ਕਾਨਪੁਰ ਹਿੰਸਾ: ਰੈਸਟੋਰੈਂਟ ਦਾ ਮਾਲਕ ਗ੍ਰਿਫ਼ਤਾਰ
ਕਾਨਪੁਰ (ਯੂਪੀ): ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਕਾਨਪੁਰ ਹਿੰਸਾ ਮਾਮਲੇ ਵਿੱਚ ਅੱਜ ਕਈ ਰੈਸਟੋਰੈਂਟਾਂ ਦੇ ਮਾਲਕ ਮੁਖਤਾਰ ਬਾਬਾ ਉਰਫ਼ ਬਾਬਾ ਬਰਿਆਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜੁਆਇੰਟ ਪੁਲੀਸ ਕਮਿਸ਼ਨਰ (ਕਾਨੂੰਨ ਵਿਵਸਥਾ) ਅਨੰਦ ਪ੍ਰਕਾਸ਼ ਤਿਵਾੜੀ ਨੇ ਦੱਸਿਆ ਕਿ ਬੈਕਨਗੰਜ ਥਾਣੇ ਵਿੱਚ ਦੰਗੇ ਅਤੇ ਖ਼ਤਰਨਾਕ ਹਥਿਆਰਾਂ ਨਾਲ ਹਿੰਸਾ ਕਰਨ ਸਬੰਧੀ ਤਿੰਨ ਕੇਸ ਦਰਜ ਹਨ, ਜਿਨ੍ਹਾਂ ਵਿੱਚ ਮੁਖਤਾਰ ਬਾਬਾ ਵੀ ਨਾਮਜ਼ਦ ਹੈ। -ਪੀਟੀਆਈ