ਨਵੀਂ ਦਿੱਲੀ, 7 ਅਗਸਤ
ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਹੈ ਕਿ ਉਹ ਇਸ ਸਿੱਟੇ ’ਤੇ ਪਹੁੰਚੇ ਹਨ ਕਿ ਸੰਸਦ ‘ਨਾਕਾਮ’ ਹੋ ਗਈ ਹੈ ਅਤੇ ਮੁਲਕ ’ਚ ਲੋਕਤੰਤਰ ‘ਸਾਹ ਲੈਣ ਲਈ ਸੰਘਰਸ਼’ ਕਰ ਰਿਹਾ ਹੈ। ਚਿਦੰਬਰਮ ਨੇ ਦੋਸ਼ ਲਾਇਆ ਕਿ ਅਦਾਰਿਆਂ ’ਤੇ ਕੰਟਰੋਲ ਕਰਕੇ ਉਨ੍ਹਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਸੈਸ਼ਨ ਜਾਰੀ ਰਹਿਣ ਦੌਰਾਨ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਤਲਬ ਕੀਤੇ ਜਾਣ ਤੋਂ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਬਚਾਉਣ ’ਚ ਨਾਕਾਮ ਰਹੇ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੀ ਤਾਇਵਾਨ ਯਾਤਰਾ ਦਾ ਅਮਰੀਕਾ ਨੇ ਸਮਰਥਨ ਕੀਤਾ ਸੀ। ਕਾਰਜਪਾਲਿਕਾ ਨੇ ਵਿਧਾਨਪਾਲਿਕਾ ਦੀ ਖੁਦਮੁਖਤਿਆਰੀ ਦਾ ਸਨਮਾਨ ਕੀਤਾ ਅਤੇ ਅਮਰੀਕੀ ਸਰਕਾਰ ਨੇ ਪੇਲੋਸੀ ਦੀ ਰੱਖਿਆ ਲਈ ਸਮੁੰਦਰੀ ਅਤੇ ਹਵਾਈ ਮਦਦ ਵੀ ਤਿਆਰ ਰੱਖੀ। ਚਿਦੰਬਰਮ ਨੇ ਕਿਹਾ ਕਿ ਪਰ ਸਾਡੇ ਮੁਲਕ ’ਚ ਕਾਰਜਪਾਲਿਕਾ ਨੇ ਉਸ ਸਮੇਂ ਵਿਰੋਧੀ ਧਿਰ ਦੇ ਆਗੂ ਨੂੰ ਤਲਬ ਕੀਤਾ ਜਦੋਂ ਰਾਜ ਸਭਾ ਦਾ ਇਜਲਾਸ ਚੱਲ ਰਿਹਾ ਸੀ ਅਤੇ ਵਿਧਾਨਪਾਲਿਕਾ ਦੇ ਦੋ ਮੁਖੀਆਂ ’ਚੋਂ ਇਕ ਨੇ ਆਪਣੀ ਅਸਮਰੱਥਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ‘ਨਿਰਾਸ਼ਾ’ ਵਾਲਾ ਦਿਨ ਸੀ। ਕਾਂਗਰਸ ਆਗੂ ਨੇ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਉਨ੍ਹਾਂ ਟਿੱਪਣੀਆਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ’ਚ ਉਨ੍ਹਾਂ ਵਧਦੀ ਮਹਿੰਗਾਈ ਖ਼ਿਲਾਫ਼ ਕਾਂਗਰਸ ਦੇ ਪ੍ਰਦਰਸ਼ਨ ਨੂੰ ‘ਰਾਮ ਮੰਦਰ ਦੀ ਨੀਂਹ ਰੱਖੇ ਜਾਣ ਦੇ ਦਿਨ’ ਨਾਲ ਜੋੜਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਪ੍ਰਦਰਸ਼ਨ ਦੀ ਤਰੀਕ ਤੈਅ ਕੀਤੀ ਗਈ ਸੀ ਤਾਂ ਉਸ ਸਮੇਂ ਨੀਂਹ ਪੱਥਰ ਦੀ ਵਰ੍ਹੇਗੰਢ ਦੀ ਗੱਲ ਤਾਂ ਦਿਮਾਗ ’ਚ ਦੂਰ-ਦੂਰ ਤੱਕ ਨਹੀਂ ਸੀ।
ਚਿਦੰਬਰਮ ਨੇ ਕਿਹਾ ਕਿ ਇਹ ਤਰੀਕ ਇਸ ਗੱਲ ਨੂੰ ਧਿਆਨ ’ਚ ਰੱਖ ਕੇ ਤੈਅ ਕੀਤੀ ਗਈ ਸੀ ਕਿ ਸ਼ਨਿਚਰਵਾਰ ਨੂੰ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਹੋਣ ਕਾਰਨ ਦਿੱਲੀ ’ਚ ਸਾਰੇ ਸੰਸਦ ਮੈਂਬਰ ਮੌਜੂਦ ਹੋਣਗੇ। ਉਨ੍ਹਾਂ ਕਿਹਾ ਕਿ 5 ਅਗਸਤ, 2019 ਨੂੰ ਜੰਮੂ ਕਸ਼ਮੀਰ ਨੂੰ ਧੱਕੇ ਨਾਲ ਵੰਡ ਕੇ ਉਸ ਦਾ ਵਿਸ਼ੇਸ਼ ਰੁਤਬਾ ਰੱਦ ਕੀਤਾ ਗਿਆ ਸੀ ਪਰ ਸਰਕਾਰ ਨੂੰ ਉਹ ਦਿਨ ਤਾਂ ਯਾਦ ਨਹੀਂ ਰਿਹਾ। ਉਨ੍ਹਾਂ ਭਾਜਪਾ ਆਗੂਆਂ ਦੇ ਇਨ੍ਹਾਂ ਦੋਸ਼ਾਂ ਨੂੰ ਵੀ ਖਾਰਜ ਕੀਤਾ ਕਿ ਕਾਂਗਰਸ ਦਾ ਪ੍ਰਦਰਸ਼ਨ ਆਪਣੇ ਸਿਖਰਲੇ ਆਗੂਆਂ ਨੂੰ ਈਡੀ ਦੀ ਪੁੱਛ-ਪੜਤਾਲ ਤੋਂ ਬਚਾਉਣ ਲਈ ਸੀ। ‘ਅਸੀਂ ਐਲਾਨ ਕੀਤਾ ਸੀ ਕਿ 5 ਅਗਸਤ ਦਾ ਪ੍ਰਦਰਸ਼ਨ ਸਿਰਫ਼ ਮਹਿੰਗਾਈ, ਬੇਰੁਜ਼ਗਾਰੀ ਅਤੇ ਅਗਨੀਪਥ ਖ਼ਿਲਾਫ਼ ਹੈ। ਜੇਕਰ ਲੋਕ ਬੋਲੇ ਅਤੇ ਅੰਨ੍ਹੇ ਹੋਣ ਦਾ ਨਾਟਕ ਕਰਦੇ ਹਨ ਤਾਂ ਅਸੀਂ ਕੀ ਕਰ ਸਕਦੇ ਹਾਂ।’ ਵਿਰੋਧੀ ਧਿਰ ਦੇ ਕਈ ਆਗੂਆਂ ਖ਼ਿਲਾਫ਼ ਈਡੀ ਦੀ ਜਾਂਚ ਦੇ ਸਬੰਧ ’ਚ ਉਨ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਇਹ ਜ਼ਰੂਰ ਕਿਹਾ ਕਿ ਜਾਂਚ ਏਜੰਸੀਆਂ ਦੀ ਵਰਤੋਂ ਸਿਰਫ਼ ਵਿਰੋਧੀ ਧਿਰ ਦੇ ਆਗੂਆਂ ਖ਼ਿਲਾਫ਼ ਕੀਤੀ ਜਾ ਰਹੀ ਹੈ। -ਪੀਟੀਆਈ