ਗੁਹਾਟੀ, 7 ਫਰਵਰੀ
ਕਾਂਗਰਸ ਦੇ ਲੋਕ ਸਭਾ ਮੈਂਬਰ ਗੌਰਵ ਗੋਗੋਈ ਨੇ ਪ੍ਰਧਾਨ ਮੰਤਰੀ ਮੋਦੀ ਦੇ ਅਸਾਮ ਦੌਰੇ ਤੋਂ ਬਾਅਦ ਅੱਜ ਕਿਹਾ ਕਿ ਦੇਸ਼ ਵਿਚ ਲੋਕਤੰਤਰ ਦਾ ਦਾਇਰਾ ਸੁੰਗੜਦਾ ਜਾ ਰਿਹਾ ਹੈ। ਗੋਗੋਈ ਨੇ ਕਿਹਾ ਕਿ ਸਰਕਾਰ ਦੀ ਆਲੋਚਨਾ ਕਰਨ ’ਤੇ ਲੋਕਾਂ ਨੂੰ ਵੱਖ-ਵੱਖ ਏਜੰਸੀਆਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਗੋਗੋਈ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਵਿਚ ਹਰ ਤਰ੍ਹਾਂ ਦੇ ਲੋਕਤੰਤਰਿਕ ਰੋਸ ਮੁਜ਼ਾਹਰਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਵਿਚ ਸ਼ਾਂਤੀਪੂਰਨ ਰੋਸ ਜ਼ਾਹਿਰ ਕਰਨ ਵਾਲਿਆਂ ਨੂੰ ਵੀ ਚੁੱਪ ਕਰਵਾਇਆ ਜਾ ਰਿਹਾ ਹੈ। ਗੌਰਵ ਗੋਗੋਈ ਨੇ ਕਿਹਾ ਕਿ ਜੇ ਕੋਈ ਵੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਦੀ ਨਿਖੇਧੀ ਕਰਦਾ ਹੈ ਤਾਂ ਈਡੀ, ਸੀਬੀਆਈ, ਐਨਆਈਏ, ਆਈਟੀ ਵਿਭਾਗ ਤੇ ਹੋਰ ਸਾਰੀਆਂ ਏਜੰਸੀਆਂ ਉਸ ਦੇ ਮਗਰ ਪੈ ਜਾਂਦੀਆਂ ਹਨ। ਲੋਕ ਸੋਸ਼ਲ ਮੀਡੀਆ ਉਤੇ ਵੀ ਬੋਲਣ ਤੋਂ ਡਰ ਰਹੇ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਕਿਸਾਨ ਸੰਘਰਸ਼ ਤੇ ਸੀਏਏ ਵਿਰੋਧੀ ਮੁਜ਼ਾਹਰਿਆਂ ਵਿਚ ਕਈ ਲੋਕਾਂ ਦੀ ਜਾਨ ਚਲੇ ਗਈ ਹੈ ਪਰ ‘ਮੋਦੀ ਸਰਕਾਰ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ।’ -ਪੀਟੀਆਈ