ਨਵੀਂ ਦਿੱਲੀ, 17 ਮਈ
ਭਾਰਤ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਹੱਦਬੰਦੀ ਅਮਲ ਨੂੰ ਲੈ ਕੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿੱਚ ਪਾਸ ਮਤੇ ਨੂੰ ‘ਹਾਸੋਹੀਣਾ’ ਕਰਾਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਗੁਆਂਢੀ ਮੁਲਕ ਨੂੰ ਉਨ੍ਹਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗ਼ਚੀ ਨੇ ਮਤੇ ਨੂੰ ਦੋ ਟੁੱਕ ਸ਼ਬਦਾਂ ਵਿੱਚ ਰੱਦ ਕਰਦਿਆਂ ਇਸਲਾਮਾਬਾਦ ਨੂੰ ਕਿਹਾ ਕਿ ਉਹ ਸਰਹੱਦ ਪਾਰੋਂ ਅਤਿਵਾਦ ਅਤੇ ‘ਦਹਿਸ਼ਤਗਰਦੀ ਨਾਲ ਜੁੜੇ ਆਪਣੇ ਬੁਨਿਆਦੀ ਢਾਂਚੇ’ ਨੂੰ ਬੰਦ ਕਰੇ।
ਬਾਗ਼ਚੀ ਨੇ ਕਿਹਾ, ‘‘ਅਸੀਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਹੱਦਬੰਦੀ ਦੇ ਅਮਲ ਨੂੰ ਲੈ ਕੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿੱਚ ਪਾਸ ਹਾਸੋਹੀਣੇ ਮਤੇ ਨੂੰ ਉੱਕਾ ਹੀ ਰੱਦ ਕਰਦੇ ਹਾਂ। ਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ।’’ ਬਾਗਚੀ, ਪੱਤਰਕਾਰਾਂ ਵੱਲੋਂ ਪਾਕਿ ਕੌਮੀ ਅਸੈਂਬਲੀ ਵਿੱਚ ਪਾਸ ਮਤੇ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਤਰਜਮਾਨ ਨੇ ਕਿਹਾ, ‘‘ਇਹ ਗੱਲ ਬੜੀ ਅਫ਼ਸੋਸਨਾਕ ਹੈ ਕਿ ਆਪਣਾ ਘਰ ਠੀਕ ਰੱਖਣ ਦੀ ਥਾਂ ਪਾਕਿਸਤਾਨ ਦੀ ਲੀਡਰਸ਼ਿਪ ਭਾਰਤ ਦੇ ਅੰਦਰੂਨੀ ਮਸਲਿਆਂ ਵਿੱਚ ਬੇਲੋੜਾ ਦਖ਼ਲ ਦੇਣ ਦੇ ਨਾਲ ਭਾਰਤ ਖਿਲਾਫ਼ ਬੇਬੁਨਿਆਦ ਤੇ ਭੜਕਾਊ ਪ੍ਰਾਪੇਗੰਡਾ ਕਰਦੀ ਹੈ।’’ ਬਾਗਚੀ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਤੇ ਲੱਦਾਖ ਦਾ ਪੂਰਾ ਇਲਾਕਾ ‘ਭਾਰਤ ਦਾ ਅਟੁੱਟ ਅੰਗ ਸੀ, ਹੈ ਤੇ ਰਹੇਗਾ।’’ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ’ਚ ਹੱਦਬੰਦੀ ਦਾ ਅਮਲ ਜਮਹੂਰੀ ਮਸ਼ਕ ਹੈ, ਜੋ ਸਾਰੀਆਂ ਸਬੰਧਤ ਧਿਰਾਂ ਨਾਲ ਕੀਤੇ ਵਿਆਪਕ ਮਸ਼ਵਰੇ ਤੇ ਉਨ੍ਹਾਂ ਦੀ ਸ਼ਮੂਲੀਅਤ ਦੇ ਸਿਧਾਂਤਾਂ ’ਤੇ ਅਧਾਰਿਤ ਹੈ। -ਪੀਟੀਆਈ