ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਮਈ
ਦੱਖਣੀ ਦਿੱਲੀ ਦੇ ਮਹਿਰੌਲੀ ਦੇ ਇਤਿਹਾਸਕ ਸਥਾਨਾਂ ਵਿੱਚੋਂ ਇੱਕ ਵਿਸ਼ਵ ਪ੍ਰਸਿੱਧ ਕੁਤੁਬ ਮੀਨਾਰ ਦੇ ਕੈਂਪਸ ਵਿਚ ਅੱਜ ਹਿੰਦੂਵਾਦੀ ਸੰਗਠਨਾਂ ਵੱਲੋਂ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਉਨ੍ਹਾਂ ਕੁਤੁਬ ਮੀਨਾਰ ਦਾ ਨਾਂ ਬਦਲ ਕੇ ‘ਵਿਸ਼ਨੂੰ ਸਤੰਭ’ ਕਰਨ ਦੀ ਮੰਗ ਵੀ ਕੀਤੀ। ਭਾਜਪਾ ਦੇ ਆਗੂਆਂ ਵੱਲੋਂ ਵੀ ਕੁਤੁਬ ਮੀਨਾਰ ਸਮੇਤ ਐਨਡੀਐਮਸੀ ਇਲਾਕੇ ਵਿਚਲੇ ਇਤਿਹਾਸਕ ਥਾਵਾਂ ਨਾਂ ਬਦਲਣ ਦੀ ਮੰਗ ਕੀਤੀ ਗਈ ਹੈ। ਯੂਨਾਈਟਿਡ ਹਿੰਦੂ ਸੰਗਠਨ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਜੈਨੀ ਤੇ ਹਿੰਦੂ ਮੰਦਰਾਂ ਨੂੰ ਤੋੜ ਕੇ ਕੁਤੁਬ ਮੀਨਾਰ ਬਣਾਇਆ ਗਿਆ ਸੀ। ਕੁਤੁਬ ਮੀਨਾਰ ਕੰਪਲੈਕਸ ਕੋਲ ਦਿੱਲੀ ਪੁਲੀਸ ਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਅੱਜ ਜਿਉਂ ਹੀ ਪ੍ਰਦਰਸ਼ਨਕਾਰੀ ਕੁਤੁਬ ਮੀਨਾਰ ਕੰਪਲੈਕਸ ਦੇ ਬਾਹਰ ਪਹੁੰਚੇ, ਪੁਲੀਸ ਵੱਲੋਂ ਉਨ੍ਹਾਂ ਨੂੰ ਭੂਲ-ਭੁਲਈਆਂ ਵੱਲ ਜਾਣ ਲਈ ਕਿਹਾ ਗਿਆ। ਪਾਠ ਕਰਨ ਦੇ ਚਾਹਵਾਨਾਂ ਨੂੰ ਦਿੱਲੀ ਪੁਲੀਸ ਵੱਲੋਂ ਫਿਰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਬੱਸ ਵਿੱਚ ਭਰ ਕੇ ਉੱਥੋਂ ਹਟਾ ਦਿੱਤਾ ਗਿਆ। ਕਰੀਬ 30 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਦੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ਲਿਖਿਆ ਸੀ ਕਿ 27 ਮੰਦਰਾਂ ਨੂੰ ਤੋੜ ਕੇ ਮੁਗ਼ਲ ਸ਼ਾਸਕਾਂ ਵੱਲੋਂ ਇਹ ਕੰਪਲੈਕਸ ਬਣਾਇਆ ਗਿਆ ਸੀ। ਸੰਯੁਕਤ ਹਿੰਦੂ ਮੋਰਚਾ ਤੇ ਰਾਸ਼ਟਰਵਾਦੀ ਸ਼ਿਵ ਸੈਨਾ ਦੇ ਕਾਰਕੁਨਾਂ ਨੂੰ ਮੀਨਾਰ ਨੇੜੇ ਹਿਰਾਸਤ ਵਿੱਚ ਲਿਆ ਗਿਆ ਜਿੱਥੇ ਉਹ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਲਈ ਇਕੱਠੇ ਹੋਏ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਯੂਨਾਈਟਿਡ ਹਿੰਦੂ ਫਰੰਟ ਦੇ ਵਰਕਿੰਗ ਪ੍ਰਧਾਨ ਭਗਵਾਨ ਗੋਇਲ ਨੇ ਕਿਹਾ ਕਿ ਅਖੌਤੀ ਕੁਤੁਬ ਮੀਨਾਰ ਅਸਲ ਵਿੱਚ ਇੱਕ ਪੁਰਾਣਾ ਵਿਸ਼ਨੂੰ ਮੰਦਰ ਸੀ। ਕੁਤੁਬ ਮੀਨਾਰ ਕੰਪਲੈਕਸ ਦੀਆਂ ਕੰਧਾਂ ’ਤੇ ਸਪੱਸ਼ਟ ਤੌਰ ’ਤੇ ਦਰਸਾਇਆ ਗਿਆ ਹੈ ਕਿ ਇਹ 27 ਮੰਦਰਾਂ ਨੂੰ ਢਾਹੁਣ ਤੋਂ ਬਾਅਦ ਪ੍ਰਾਪਤ ਸਮੱਗਰੀ ਤੋਂ ਬਣਾਇਆ ਗਿਆ ਸੀ। ਕੰਪਲੈਕਸ ਵਿੱਚ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਹਨ।