ਨਵੀਂ ਦਿੱਲੀ: ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਅੱਜ ਮੰਗ ਕੀਤੀ ਹੈ ਕਿ ਕਾਂਗਰਸ ਆਗੂ ਸ਼ਸ਼ੀ ਥਰੂਰ ਨੂੰ ਸੂਚਨਾ ਤਕਨਾਲੋਜੀ ਬਾਰੇ ਸੰਸਦੀ ਕਮੇਟੀ ਦੇ ਮੁਖੀ ਵਜੋਂ ਹਟਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਉਹ ਆਪਣੇ ਅਹੁਦੇ ਦੀ ਪੱਖਪਾਤੀ ਢੰਗ ਨਾਲ ਵਰਤੋਂ ਕਰ ਰਹੇ ਹਨ। ਦੂਬੇ ਨੇ ਲੋਕ ਸਭਾ ’ਚ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਇਸ ਬਾਰੇ ਇਕ ਚਿੱਠੀ ਮੰਗਲਵਾਰ ਨੂੰ ਸਪੀਕਰ ਨੂੰ ਪਹਿਲਾਂ ਹੀ ਸੌਂਪ ਦਿੱਤੀ ਗਈ ਹੈ। ਪੈਗਾਸਸ ਜਾਸੂਸੀ ਕਾਂਡ ਦੇ ਮੁੱਦੇ ’ਤੇ ਸਰਕਾਰੀ ਅਧਿਕਾਰੀਆਂ ਤੋਂ ਪੁੱਛ-ਗਿੱਛ ਦੇ ਮਾਮਲੇ ’ਚ ਅੱਜ ਸੱਦੀ ਗਈ ਸੰਸਦੀ ਕਮੇਟੀ ਦੀ ਬੈਠਕ ਕੋਰਮ ਪੂਰਾ ਨਾ ਹੋਣ ਕਾਰਨ ਮੁਲਤਵੀ ਹੋ ਗਈ। ਸੂਚਨਾ ਤਕਨਾਲੋਜੀ ਬਾਰੇ ਸੰਸਦੀ ਸਟੈਂਡਿੰਗ ਕਮੇਟੀ ਦੇ ਜ਼ਿਆਦਾਤਰ ਮੈਂਬਰ ਅੱਜ ਸੰਸਦ ’ਚ ‘ਨਾਗਰਿਕਾਂ ਦੀ ਸੁਰੱਖਿਆ ਅਤੇ ਡੇਟਾ ਸੁਰੱਖਿਆ’ ਬਾਰੇ ਚਰਚਾ ਦੌਰਾਨ ਹਾਜ਼ਰ ਰਹੇ। ਉਂਜ ਕਮੇਟੀ ’ਚ ਸ਼ਾਮਲ ਭਾਜਪਾ ਮੈਂਬਰ ਮੀਟਿੰਗ ਵਾਲੇ ਕਮਰੇ ’ਚ ਹਾਜ਼ਰ ਸਨ ਪਰ ਉਨ੍ਹਾਂ ਹਾਜ਼ਰੀ ਰਜਿਸਟਰ ’ਤੇ ਰੋਸ ਵਜੋਂ ਦਸਤਖ਼ਤ ਨਹੀਂ ਕੀਤੇ ਜਿਸ ਕਾਰਨ ਕੋਰਮ ਪੂਰਾ ਨਹੀਂ ਹੋ ਸਕਿਆ। ਕਮੇਟੀ ਦੇ ਮੈਂਬਰ ਅਤੇ ਕਾਂਗਰਸ ਆਗੂ ਕਾਰਤੀ ਚਿਦੰਬਰਮ ਨੇ ਟਵਿੱਟਰ ’ਤੇ ਕਿਹਾ ਕਿ ਭਾਜਪਾ ਮੈਂਬਰਾਂ ਨੇ ਬੈਠਕ ਦੌਰਾਨ ਹਾਜ਼ਰੀ ਰਜਿਸਟਰ ’ਤੇ ਦਸਤਖ਼ਤ ਨਹੀਂ ਕੀਤੇ। -ਪੀਟੀਆਈ