ਨਵੀਂ ਦਿੱਲੀ: ਦਿੱਲੀ ਦੇ ਸਿੰਘੂ ਬਾਰਡਰ ’ਤੇ ਸ਼ੁੱਕਰਵਾਰ ਹੋਏ ਕਤਲ ਤੋਂ ਬਾਅਦ ਅੱਜ ਸੁਪਰੀਮ ਕੋਰਟ ਵਿਚ ਇਕ ਅਰਜ਼ੀ ਪਾਈ ਗਈ ਹੈ ਜਿਸ ’ਚ ਇਕ ਬਕਾਇਆ ਪਟੀਸ਼ਨ ਉਤੇ ਜਲਦੀ ਸੁਣਵਾਈ ਦੀ ਮੰਗ ਕੀਤੀ ਗਈ ਹੈ। ਪਹਿਲਾਂ ਪਾਈ ਗਈ ਪਟੀਸ਼ਨ ਰਾਹੀਂ ਮੁਜ਼ਾਹਰਾਕਾਰੀਆਂ ਨੂੰ ਦਿੱਲੀ ਦੀਆਂ ਹੱਦਾਂ ਤੋਂ ਹਟਾਉਣ ਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਸ਼ੁੱਕਰਵਾਰ ਵਾਪਰੀ ਘਟਨਾ ਦਾ ਹਵਾਲਾ ਦੇ ਕੇ ਮਾਰਚ ਤੋਂ ਬਕਾਇਆ ਪਈ ਪਟੀਸ਼ਨ ਉਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਗਈ ਹੈ। ਅੰਤ੍ਰਿਮ ਅਰਜ਼ੀ ਸਵਾਤੀ ਗੋਇਲ ਤੇ ਸੰਜੀਵ ਨੇਵਾਰ ਨੇ ਦਾਇਰ ਕੀਤੀ ਹੈ। ਪਟੀਸ਼ਨ ਵੀ ਉਨ੍ਹਾਂ ਨੇ ਹੀ ਦਾਇਰ ਕੀਤੀ ਹੋਈ ਹੈ। ਅਰਜ਼ੀ ਵਿਚ ਕਿਹਾ ਗਿਆ ਹੈ ਕਿ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਜਿਊਣ ਦੇ ਅਧਿਕਾਰ ਤੋਂ ਉੱਪਰ ਨਹੀਂ ਹੈ। ਜੇਕਰ ਇਹ ਰੋਸ ਮੁਜ਼ਾਹਰਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਾਰੇ ਮੁਲਕ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਪਟੀਸ਼ਨਕਰਤਾਵਾਂ ਦੇ ਵਕੀਲ ਸ਼ਸ਼ਾਂਕ ਸ਼ੇਖਰ ਝਾਅ ਨੇ ਕਿਹਾ ਕਿ ਮੁਜ਼ਾਹਰਿਆਂ ਦੇ ਨਾਂ ਉਤੇ ਮਨੁੱਖਤਾ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਹਨ। ਅਰਜ਼ੀ ਵਿਚ ਇਹ ਮੰਗ ਵੀ ਕੀਤੀ ਗਈ ਹੈ ਕਿ ਜਦ ਤੱਕ ਮਹਾਮਾਰੀ ਖ਼ਤਮ ਨਹੀਂ ਹੋ ਜਾਂਦੀ ਕੇਂਦਰ ਸਰਕਾਰ ਨੂੰ ਸੂਬਿਆਂ ਨੂੰ ਹਦਾਇਤਾਂ ਜਾਰੀ ਕਰਨ ਲਈ ਕਿਹਾ ਜਾਵੇ ਤੇ ਹਰ ਤਰ੍ਹਾਂ ਦੇ ਰੋਸ ਮੁਜ਼ਾਹਰੇ ਰੋਕੇ ਜਾਣ, ਇਨ੍ਹਾਂ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ। ਲੋਕ ਹਿੱਤ ਪਟੀਸ਼ਨ ਵਿਚ ਕਿਸਾਨਾਂ ਦੇ ਮੁਜ਼ਾਹਰੇ ਨੂੰ ਗੈਰਕਾਨੂੰਨੀ ਦੱਸ ਕੇ ਕਿਹਾ ਗਿਆ ਹੈ ਕਿ ਇਸ ਮੁਜ਼ਾਹਰੇ ਵਿਚ ਕਈ ਅਣਮਨੁੱਖੀ ਘਟਨਾਵਾਂ ਵਾਪਰੀਆਂ ਹਨ। ਗਣਤੰਤਰ ਦਿਵਸ ਦੀ ਟਰੈਕਟਰ ਰੈਲੀ, ਔਰਤ ਨਾਲ ਕਥਿਤ ਜਬਰ-ਜਨਾਹ ਤੇ ਦਸਹਿਰੇ ਮੌਕੇ ਹੋਈ ਹੱਤਿਆ ਦਾ ਹਵਾਲਾ ਦਿੱਤਾ ਗਿਆ ਹੈ। ਅਦਾਲਤ ਇਸੇ ਤਰ੍ਹਾਂ ਦੀ ਇਕ ਹੋਰ ਪਟੀਸ਼ਨ ਵੀ ਸੁਣ ਰਹੀ ਹੈ ਜੋ ਕਿ ਨੋਇਡਾ ਦੇ ਵਾਸੀ ਨੇ ਦਾਇਰ ਕੀਤੀ ਸੀ। -ਪੀਟੀਆਈ