ਨਾਗਪੁਰ: ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਨੇ ਮੰਗ ਕੀਤੀ ਹੈ ਕਿ ਨਰਾਤਿਆਂ ਦੇ ਤਿਉਹਾਰ ਦੌਰਾਨ ਗਰਬਾ ਅਤੇ ਡਾਂਡੀਆ ਸਮਾਰੋਹਾਂ ਵਿੱਚ ਗ਼ੈਰ-ਹਿੰਦੂਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਈ ਜਾਵੇ ਅਤੇ ਇਸ ਦੌਰਾਨ ਪਛਾਣ ਪੱਤਰ ਦੀ ਜਾਂਚ ਮਗਰੋਂ ਹੀ ਸ਼ਰਧਾਲੂਆਂ ਨੂੰ ਸਮਾਰੋਹ ਵਿੱਚ ਦਾਖ਼ਲ ਹੋਣ ਦਿੱਤਾ ਜਾਵੇ। ਵੀਐੱਚਪੀ ਦੀ ਵਿਦਰਭ ਇਕਾਈ ਨੇ ਇਸ ਸਬੰਧੀ ਮਹਾਰਾਸ਼ਟਰਾ ਸਰਕਾਰ ਅਤੇ ਨਾਗਪੁਰ ਦੇ ਪੁਲੀਸ ਕਮਿਸ਼ਨਰ ਨੂੰ ਲਿਖਤੀ ਪੱਤਰ ਸੌਂਪਿਆ ਹੈ। ਦੁਰਗਾ ਪੂਜਾ ਸਬੰਧੀ ਸੋਮਵਾਰ ਨੂੰ ਸ਼ੁਰੂ ਹੋਏ ਨੌ ਰੋਜ਼ਾ ਤਿਉਹਾਰ ਦੌਰਾਨ ਰਵਾਇਤੀ ਗਰਬਾ ਡਾਂਸ ਸਮਾਰੋਹ ਕਰਵਾਏ ਜਾਣਗੇ। ਵੀਐੱਚਪੀ ਦੇ ਵਿਦਰਭ ਖੇਤਰ ਦੇ ਸਕੱਤਰ ਗੋਵਿੰਦ ਸ਼ਿੰਦੇ ਨੇ ਕਿਹਾ ਕਿ ਗਰਬਾ ਅਤੇ ਡਾਂਡੀਆ ਮਨੋਰੰਜਨ ਦਾ ਨਹੀਂ ਬਲਕਿ ਆਸਥਾ ਦਾ ਤਿਉਹਾਰ ਹੈ, ਇਸ ਲਈ ਹੋਰ ਧਰਮਾਂ ਦੇ ਲੋਕਾਂ ਨੂੰ ਹਿੰਦੂ ਸਮਾਰੋਹਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਮਾਰੋਹ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਲੋਕਾਂ ਦੇ ਆਧਾਰ ਕਾਰਡ ਦੀ ਜਾਂਚ ਹੋਣੀ ਚਾਹੀਦੀ ਹੈ। -ਪੀਟੀਆਈ