ਨਵੀਂ ਦਿੱਲੀ, 3 ਜਨਵਰੀ
ਭਾਰਤ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੀ ਜਨਰਲ ਕਾਊਂਸਿਲ ਨੂੰ ਇਸ ਮਹੀਨੇ ਜਨੇਵਾ ’ਚ ਹੰਗਾਮੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ ਤਾਂ ਜੋ ਕਰੋਨਾ ਮਹਾਮਾਰੀ ਨਾਲ ਸਿੱਝਣ ਲਈ ਪ੍ਰਸਤਾਵਿਤ ਪੈਕੇਜ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਇਸ ਕੌਂਸਲ ’ਚ ਤਕਰੀਬਨ ਸਾਰੇ ਮੁਲਕਾਂ ਦੀਆਂ ਸਰਕਾਰਾਂ ਦੇ ਪ੍ਰਤੀਨਿਧੀ ਹਨ। ਭਾਰਤ ਨੇ ਮਹਾਮਾਰੀ ਨਾਲ ਨਜਿੱਠਣ ’ਚ ਰਾਹਤ ਪੈਕੇਜ ਦੇਣ ਦੀ ਤਜਵੀਜ਼ ’ਤੇ ਵਿਚਾਰ ਕਰਨ ਦੀ ਮੰਗ ਕੀਤੀ ਹੈ। ਅਕਤੂਬਰ 2020 ’ਚ ਭਾਰਤ ਅਤੇ ਦੱਖਣੀ ਅਫ਼ਰੀਕਾ ਨੇ ਪਹਿਲੀ ਤਜਵੀਜ਼ ਦਿੱਤੀ ਸੀ ਅਤੇ ਵਪਾਰ ਨਾਲ ਸਬੰਧਤ ਬੌਧਿਕ ਸੰਪਤੀ ਦੇ ਹੱਕਾਂ ’ਚ ਰਾਹਤ ਦੇਣ ਦੀ ਮੰਗ ਕੀਤੀ ਸੀ। ਪਿਛਲੇ ਸਾਲ ਮਈ ’ਚ ਮੁੜ ਇਹ ਤਜਵੀਜ਼ ਭੇਜੀ ਗਈ ਸੀ। ਇਕ ਅਧਿਕਾਰੀ ਨੇ ਕਿਹਾ ਕਿ ਡਬਲਿਊਟੀਓ ਦੀਆਂ ਮੀਟਿੰਗਾਂ 10 ਜਨਵਰੀ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਭਾਰਤ ਨੇ ਪਹਿਲਾਂ ਮੀਟਿੰਗਾਂ ਕਰਨ ਦਾ ਸੁਝਾਅ ਦਿੱਤਾ ਹੈ। -ਪੀਟੀਆਈ