ਨਵੀਂ ਦਿੱਲੀ (ਪੱਤਰ ਪ੍ਰੇਰਕ): ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਕਿਹਾ ਹੈ ਕਿ ਨੋਇਡਾ ਵਿੱਚ ਟਵਿਨ ਟਾਵਰਾਂ ਨੂੰ ਢਾਹੁਣਾ ਬਿਲਡਰਾਂ, ਸਰਕਾਰੀ ਅਧਿਕਾਰੀਆਂ ਤੇ ਰਾਜਨੇਤਾਵਾਂ ਦੀ ਮਿਲੀਭੁਗਤ ਅਤੇ ਘਿਣਾਉਣੇ ਗੱਠਜੋੜ ਦੀ ਇੱਕ ਬੇਸ਼ਰਮ ਮਿਸਾਲ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਦੇਸ਼ ਵਿੱਚ ਅਧਿਕਾਰੀਆਂ ਤੇ ਸਿਆਸਤਦਾਨਾਂ ਦੀ ਜਵਾਬਦੇਹੀ ਤੈਅ ਕਰਨ ਅਤੇ ਸਜ਼ਾ ਦੇਣ ਲਈ ਇੱਕ ਰਾਸ਼ਟਰੀ ਜਵਾਬਦੇਹੀ ਐਕਟ ਬਣਾਇਆ ਜਾਵੇ। ਜਥੇਬੰਦੀ ਨੇ ਸੁਪਰੀਮ ਕੋਰਟ ਨੂੰ ਦੇਸ਼ ਵਿੱਚ ਪਹਿਲੀ ਵਾਰ ਭ੍ਰਿਸ਼ਟਾਚਾਰ ਦੇ ਅਖਾੜੇ ਖ਼ਿਲਾਫ਼ ਇੰਨਾ ਵੱਡਾ ਕਦਮ ਚੁੱਕਣ ਲਈ ਵਧਾਈ ਦਿੱਤੀ ਹੈ ਪਰ ਨਾਲ ਹੀ ਕਿਹਾ ਕਿ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਅਤੇ ਤਤਕਾਲੀ ਸਿਆਸਤਦਾਨਾਂ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।