ਨਵੀਂ ਦਿੱਲੀ, 23 ਨਵੰਬਰ
ਦਿੱਲੀ ਪੁਲੀਸ ਨੇ ਇੱਥੋਂ ਦੀ ਅਦਾਲਤ ’ਚ ਦਿੱਲੀ ਫਿਰਕੂ ਹਿੰਸਾ ਦੇ ਸਬੰਧ ’ਚ ਦਾਇਰ ਪੂਰਕ ਚਾਰਜਸ਼ੀਟ ’ਚ ਕਿਹਾ ਹੈ ਕਿ ਸ਼ਰਜੀਲ ਇਮਾਮ ਤੇ ਉਮਰ ਖਾਲਿਦ ਵੱਲੋਂ ਦਿੱਤੇ ਗਏ ਵੱਖ ਵੱਖ ਥਾਵਾਂ ’ਤੇ ਦਿੱਤੇ ਗਏ ਭਾਸ਼ਣਾਂ ’ਚ ਸਬੰਧ ਨਜ਼ਰ ਆਉਂਦਾ ਹੈ।
ਪੁਲੀਸ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਫਿਰਕੂ ਹਿੰਸਾ ਦੀ ਸਾਜ਼ਿਸ਼ ਖਾਲਿਦ ਤੇ ਹੋਰਨਾਂ ਨੇ ਮਿਲ ਕੇ ਘੜੀ ਸੀ। ਚਾਰਜਸ਼ੀਟ ਅਨੁਸਾਰ 23 ਜਨਵਰੀ ਨੂੰ ਸ਼ਰਜੀਲ ਇਮਾਮ ਨੇ ਬਿਹਾਰ ਵਿੱਚ ਜਦਕਿ ਉਮਰ ਖਾਲਿਦ ਨੇ ਮਹਾਰਾਸ਼ਟਰ ’ਚ ਭਾਸ਼ਣ ਦਿੱਤਾ ਸੀ ਅਤੇ ਇਨ੍ਹਾਂ ਦੋਵਾਂ ਦੇ ਭਾਸ਼ਣਾਂ ਦੀਆਂ ਸਤਰਾਂ ਦਾ ਆਪਸ ’ਚ ਸਬੰਧ ਹੈ। ਪੁਲੀਸ ਅਨੁਸਾਰ ਇਮਾਮ ਤੇ ਖਾਲਿਦ ਦੋਵਾਂ ਨੇ ਇੱਕੋ ਜਿਹੀਆਂ ਸਤਰਾਂ ਦੀ ਵਰਤੋਂ ਆਪਣੇ ਭਾਸ਼ਣਾਂ ’ਚ ਕੀਤੀ ਸੀ। ਜ਼ਿਕਰਯੋਗ ਹੈ ਦਿੱਲੀ ਪੁਲੀਸ ਨੇ ਬੀਤੇ ਦਿਨ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਤੇ ਯੂਨੀਵਰਸਿਟੀ ਵਿਦਿਆਰਥੀ ਸ਼ਰਜੀਲ ਇਮਾਮ ਅਤੇ ਇੱਕ ਫੈਜ਼ਾਨ ਖਾਨ ਖ਼ਿਲਾਫ਼ ਕੜਕੜਡੂਮਾ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਸੀ। ਦੋਵਾਂ ਖ਼ਿਲਾਫ਼ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੋਵਾਂ ’ਤੇ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਲਾਈਆਂ ਗਈਆਂ ਹਨ। -ਆਈਏਐੱਨਐੱਸ
ਅਦਾਲਤ ਵੱਲੋਂ ਦਿੱਲੀ ਦੰਗਿਆਂ ਬਾਰੇ ਚਾਰਜਸ਼ੀਟ ’ਤੇ ਸੁਣਵਾਈ ਮੁਲਤਵੀ
ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਅੱਜ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਤੇ ਜੇਐੱਨਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ ਖ਼ਿਲਾਫ਼ ਦਿੱਲੀ ਪੁਲੀਸ ਵੱਲੋਂ ਦਾਇਰ ਪੂਰਕ ਪਟੀਸ਼ਨ ਦਾ ਨੋਟਿਸ ਲੈਣ ਦੇ ਮਾਮਲੇ ’ਚ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਅਦਾਲਤ ਨੇ ਦਿੱਲੀ ਦੰਗਿਆਂ ਦੇ ਸਬੰਧ ’ਚ ਦਾਇਰ ਚਾਰਜਸ਼ੀਟ ’ਤੇ ਸੁਣਵਾਈ ਮੁਲਤਵੀ ਕਰਨ ਸਬੰਧੀ ਦਿੱਲੀ ਹਾਈ ਕੋਰਟ ਵੱਲੋਂ ਇਸ ਮਾਮਲੇ ’ਚ ਜਾਰੀ ਹਦਾਇਤਾਂ ਦਾ ਹਵਾਲਾ ਦਿੱਤਾ ਹੈ। ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਇਸ ਮਾਮਲੇ ’ਚ ਹੁਕਮ 24 ਨਵੰਬਰ ਤੱਕ ਰਾਖਵੇਂ ਰੱਖਦਿਆਂ ਕਿਹਾ ਕਿ ਅਦਾਲਤ ਵੱਲੋਂ ਜਾਰੀ ਕੀਤੇ ਜਾਣ ਵਾਲੇ ਹੁਕਮ ਦਿੱਲੀ ਹਾਈ ਕੋਰਟ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਪੂਰੀ ਤਰ੍ਹਾਂ ਸਹੀ ਹੋਣੇ ਚਾਹੀਦੇ ਹਨ। -ਪੀਟੀਆਈ
ਮੁਲਜ਼ਮ ਦੀ ਜ਼ਮਾਨਤ ਖ਼ਿਲਾਫ਼ ਦਿੱਲੀ ਪੁਲੀਸ ਦੀ ਅਪੀਲ ਖਾਰਜ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਫਰਜ਼ੀ ਪਛਾਣ ਪੱਤਰ ਦੇ ਆਧਾਰ ’ਤੇ ਮੋਬਾਈਲ ਸਿਮ ਕਾਰਡ ਵੇਚਣ ਵਾਲੇ ਮੁਲਜ਼ਮ ਦੀ ਜ਼ਮਾਨਤ ਖ਼ਿਲਾਫ਼ ਦਿੱਲੀ ਪੁਲੀਸ ਦੀ ਅਪੀਲ ਖਾਰਜ ਕਰ ਦਿੱਤੀ ਹੈ। ਪੁਲੀਸ ਨੇ ਦੋਸ਼ ਲਾਇਆ ਕਿ ਸੀਏਏ ਖ਼ਿਲਾਫ਼ ਰੋਸ ਮੁਜ਼ਾਹਿਰਆਂ ਦੌਰਾਨ ਫਰਵਰੀ ਮਹੀਨੇ ਹਿੰਸਾ ਭੜਕਾਉਣ ਲਈ ਇਸ ਸਿਮ ਕਾਰਡ ਦੀ ਕਥਿਤ ਤੌਰ ’ਤੇ ਵਰਤੋਂ ਹੋਈ ਸੀ। ਜਸਟਿਸ ਅਸ਼ੋਕ ਭੂਸ਼ਨ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਮੁਲਜ਼ਮ ਫੈਜ਼ਾਨ ਖਾਨ ਨੂੰ ਜ਼ਮਾਨਤ ਦੇਣ ਸਬੰਧੀ ਦਿੱਲੀ ਹਾਈ ਕੋਰਟ ਦੇ 23 ਅਕਤੂਬਰ ਦੇ ਹੁਕਮਾਂ ਖ਼ਿਲਾਫ਼ ਪੁਲੀਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। -ਆਈਏਐੱਨਐੱਸ