ਨਵੀਂ ਦਿੱਲੀ, 17 ਜੂਨ
ਵਿਦਿਆਰਥੀ ਕਾਰਕੁਨ ਨਤਾਸ਼ਾ ਨਰਵਾਲ, ਦੇਵਾਂਗਨਾ ਕਾਲਿਤਾ ਅਤੇ ਆਸਿਫ ਇਕਬਾਲ ਤਨਹਾ ਨੂੰ ਦੇਰ ਸ਼ਾਮ ਤਿਹਾੜ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਅਦਾਲਤ ਨੇ ਅੱਜ ਉਨ੍ਹਾਂ ਦੀ ਤੁਰਤ ਰਿਹਾਈ ਕੀਤੇ ਜਾਣ ਦਾ ਹੁਕਮ ਦਿੱਤਾ ਸੀ, ਜਿਸ ਦੇ ਕੁਝ ਘੰਟਿਆਂ ਬਾਅਦ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਡੀਜੀਪੀ ਸੰਦੀਪ ਗੋਇਲ ਨੇ ਤਿੰਨੇ ਵਿਦਿਆਰਥੀਆਂ ਨੂੰ ਰਿਹਾਅ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਲਿਤਾ ਅਤੇ ਨਰਵਾਲ ਨੂੰ 7 ਵਜੇ ਅਤੇ ਤਨਹਾ ਨੂੰ 7.30 ਵਜੇ ਦੇ ਕਰੀਬ ਰਿਹਾਅ ਕੀਤਾ ਗਿਆ। ਤਿਹਾੜ ਜੇਲ੍ਹ ਵਿਚੋਂ ਬਾਹਰ ਆਉਣ ਬਾਅਦ ਨਤਾਸ਼ਾ ਨੇ ਕਿਹਾ, ‘‘ਸਾਨੂੰ ਜੇਲ੍ਹ ਅੰਦਰ ਭਾਰੀ ਸਮਰਥਨ ਮਿਲਿਆ, ਅਸੀਂ ਆਪਣੀ ਜੰਗ ਜਾਰੀ ਰਖਾਂਗੇ।’’ ਦੇਵਾਂਗਨਾ ਕਾਲਿਤਾ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ, ‘ਉਹ ਲੋਕਾਂ ਦੀ ਆਵਾਜ਼ ਅਤੇ ਅਸਹਿਮਤੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।’ ਇਸੇ ਤਰ੍ਹਾਂ ਆਸਿਫ਼ ਇਕਬਾਲ ਤਨਹਾ ਨੇ ਜੇਲ੍ਹ ’ਚੋਂ ਬਾਹਰ ਆਉਣ ਬਾਅਦ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਕ ਦਿਨ ਉਹ ਰਿਹਾਅ ਜ਼ਰੂਰ ਹੋਣਗੇ। ਸੀਏਏ, ਐਨਆਰਸੀ ਅਤੇ ਐਨਪੀਆਰ ਖਿਲਾਫ਼ ਲੜ੍ਹਾਈ ਜਾਰੀ ਰਹੇਗੀ। ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੂੰ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਜੁੜੇ ਕੇਸ ਵਿੱਚ 15 ਜੂਨ ਨੂੰ ਅਦਾਲਤ ਤੋਂ ਜ਼ਮਾਨਤ ਮਿਲੀ ਸੀ ਪਰ ਇਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਸੀ। -ਏਜੰਸੀ