ਨਵੀਂ ਦਿੱਲੀ, 21 ਮਾਰਚ
ਦਿੱਲੀ ਦੀ ਇੱਕ ਅਦਾਲਤ ਨੇ ਫਰਵਰੀ 2020 ਵਿੱਚ ਉੱਤਰ ਪੂੁਰਬੀ ਦਿੱਲੀ ਵਿੱਚ ਹੋਏ ਦੰਗਿਆਂ ਸਬੰਧੀ ਵੱਡੀ ਸਾਜ਼ਿਸ਼ ਦੇ ਮਾਮਲੇ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ 23 ਮਾਰਚ ਤੱਕ ਟਾਲ ਦਿੱਤਾ ਹੈ। ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ, ਜਿਨ੍ਹਾਂ ਨੇ ਅੱਜ ਹੁਕਮ ਸੁਣਾਉਣਾ ਸੀ, ਨੇ ਕਿਹਾ ਕਿ ਹਾਲੇ ਫੈਸਲਾ ਤਿਆਰ ਨਹੀਂ ਅਤੇ ਮਾਮਲਾ ਬੁੱਧਵਾਰ ਤੱਕ ਟਾਲ ਦਿੱਤਾ। ਅਦਾਲਤ ਨੇ ਖਾਲਿਦ ਅਤੇ ਸਰਕਾਰੀ ਧਿਰ ਵੱਲੋਂ ਪੇਸ਼ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ 3 ਮਾਰਚ ਨੂੰ ਫ਼ੈਸਲਾ ਰਾਖਵਾਂ ਕਰ ਲਿਆ ਸੀ। ਮੁਲਜ਼ਮ ਨੇ ਅਦਾਲਤ ਨੂੰ ਕਿਹਾ ਕਿ ਸੀ ਇਸਤਗਾਸਾ ਧਿਰ ਕੋਲ ਉਨ੍ਹਾਂ ਖ਼ਿਲਾਫ਼ ਮਾਮਲਾ ਸਾਬਤ ਕਰਨ ਲਈ ਸਬੂਤ ਨਹੀਂ ਹਨ। ਉਮਰ ਖਾਲਿਦ ਅਤੇ ਕਈ ਹੋਰਨਾਂ ਖ਼ਿਲਾਫ਼ ਫਰਵਰੀ 2020 ਵਿੱਚ ਹੋਏ ਦੰਗਿਆਂ ਦੇ ‘ਸਾਜ਼ਿਸ਼ਘਾੜੇ’ ਹੋਣ ਦੇ ਦੋਸ਼ ਹੇਠ ਅਤਿਵਾਦ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਦੰਗਿਆਂ ਵਿੱਚ 53 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 700 ਤੋਂ ਵੱਧ ਜ਼ਖ਼ਮੀ ਹੋਏ ਸਨ। ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਦੌਰਾਨ ਦੰਗੇ ਭੜਕੇ ਸਨ। -ਪੀਟੀਆਈ