ਨਵੀਂ ਦਿੱਲੀ, 1 ਜੁਲਾਈ
ਦਿੱਲੀ ਹਾਈ ਕੋਰਟ ਨੇ ਅੱਜ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੀ ਉਸ ਅਰਜ਼ੀ ’ਤੇ ਪੁਲੀਸ ਤੋਂ ਜਵਾਬ ਮੰਗਿਆ ਹੈ, ਜਿਸ ਵਿਚ ਉਸਨੇ ਇਕ ਹਿੰਦੂ ਦੇਵਤਾ ਉਤੇ ਕੀਤੇ ਗਏ ਕਥਿਤ ਇਤਰਾਜ਼ਯੋਗ ਟਵੀਟ ਨਾਲ ਸਬੰਧਤ ਮਾਮਲੇ ਵਿਚ ਆਪਣੇ ਪੁਲੀਸ ਰਿਮਾਂਡ ਦੇ ਕਾਨੂੰਨੀ ਤੌਰ ’ਤੇ ਸਹੀ ਹੋਣ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਸੰਜੀਵ ਨਰੂਲਾ ਨੇ ਪਟੀਸ਼ਨ ਉਤੇ ਨੋਟਿਸ ਜਾਰੀ ਕੀਤਾ ਹੈ ਤੇ ਜਾਂਚ ਏਜੰਸੀ ਨੂੰ ਇਸ ਉਤੇ ਜਵਾਬ ਦਾਖਲ ਕਰਨ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਇਸ ਪਟੀਸ਼ਨ ਵਿਚ ਹੇਠਲੀ ਅਦਾਲਤ ਦੇ 28 ਜੂਨ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ। ਹੇਠਲੀ ਅਦਾਲਤ ਨੇ ਜ਼ੁਬੈਰ ਨੂੰ ਚਾਰ ਦਿਨਾਂ ਦੀ ਪੁਲੀਸ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ ਸੀ। ਦਿੱਲੀ ਪੁਲੀਸ ਨੇ ਜ਼ੁਬੈਰ ਨੂੰ ਇਕ ਟਵੀਟ ਜ਼ਰੀਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ 27 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਸੇ ਦਿਨ ਹੇਠਲੀ ਅਦਾਲਤ ਨੇ ਜ਼ੁਬੈਰ ਨੂੰ ਇਕ ਦਿਨ ਦੀ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਸੀ। ਇਕ ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਨੇ ਉਨ੍ਹਾਂ ਦੀ ਹਿਰਾਸਤ ਵਿਚ ਚਾਰ ਦਿਨ ਦਾ ਵਾਧਾ ਕਰ ਦਿੱਤਾ ਸੀ। ਪੁਲੀਸ ਨੇ ਕਿਹਾ ਕਿ ਇਹ ਮਾਮਲਾ ਇਕ ਟਵਿੱਟਰ ਵਰਤੋਂਕਾਰ ਦੀ ਸ਼ਿਕਾਇਤ ਉਤੇ ਦਰਜ ਕੀਤਾ ਗਿਆ ਸੀ, ਜਿਸ ਨੇ ਜ਼ੁਬੈਰ ਉਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਸੀ। ਮਾਮਲੇ ਦੀ ਅਗਲੀ ਸੁਣਵਾਈ 27 ਨੂੰ ਹੋਵੇਗੀ। -ਪੀਟੀਆਈ