ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਸਤੰਬਰ
ਭਾਜਪਾ ਨੇ ਸ਼ਰਾਬ ਆਬਕਾਰੀ ਨੀਤੀ ਵਿੱਚ ਕਥਿਤ ਘੁਟਾਲੇ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਭੂਮਿਕਾ ਨੂੰ ਲੈ ਕੇ ਅੱਜ ਇਕ ‘ਸਟਿੰਗ ਅਪਰੇਸ਼ਨ’ ਦੀ ਵੀਡੀਓ ਜਾਰੀ ਕੀਤੀ ਹੈ। ਸ਼ਰਾਬ ਘੁਟਾਲੇ ’ਚ ਮੁਲਜ਼ਮ ਵਜੋਂ ਨਾਮਜ਼ਦ ਸੰਨੀ ਮਰਵਾਹਾ ਦਾ ਪਿਤਾ ਇਸ ਵੀਡੀਓ ਵਿੱਚ ਦਿੱਲੀ ’ਚ ਸ਼ਰਾਬ ਦਾ ਲਾਇਸੈਂਸ ਲੈਣ ਲਈ ‘ਕਮਿਸ਼ਨ’ ਦੀ ਅਦਾਇਗੀ ਕੀਤੇ ਜਾਣ ਦਾ ਦਾਅਵਾ ਕਰਦਾ ਵਿਖਾਈ ਦੇ ਰਿਹਾ ਹੈ। ਭਾਜਪਾ ਨੇ ਇਸ ਵੀਡੀਓ ਦੇ ਹਵਾਲੇ ਨਾਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਵੀਡੀਓ ਵਿੱਚ ਕੀਤੇ ਖੁਲਾਸੇ ਮੁਤਾਬਕ 80 ਫੀਸਦ ਮੁਨਾਫ਼ਾ (ਮੁੱਖ ਮੰਤਰੀ ਅਰਵਿੰਦ) ਕੇਜਰੀਵਾਲ ਤੇ ਉਸ ਦੇ ਦੋਸਤਾਂ ਨੂੰ ਜਾਵੇਗਾ। ਪਹਿਲਾਂ, ਤੁਸੀਂ ਸਾਡਾ 80 ਫੀਸਦ ਕਮਿਸ਼ਨ ਦਿਓ ਤੇ ਮਗਰੋਂ 20 ਫੀਸਦ ਜਿਸ ਤਰ੍ਹਾਂ ਮਰਜ਼ੀ ਵੇਚੋ, ਸਾਨੂੰ ਕੋਈ ਪ੍ਰਵਾਹ ਨਹੀਂ। ਇਹ ਕੇਜਰੀਵਾਲ ਸਰਕਾਰ ਦੀ ਪਾਲਿਸੀ ਹੈ।’’ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ, ਲੋਕ ਸਭਾ ਮੈਂਬਰ ਮਨੋਜ ਤਿਵਾੜੀ ਅਤੇ ਪਾਤਰਾ ਨੇ ‘ਸਟਿੰਗ ਅਪਰੇਸ਼ਨ’ ਦੀ ਵੀਡੀਓ ਰਿਲੀਜ਼ ਕੀਤੀ, ਜਿਸ ਵਿੱਚ ਕੁਲਵਿੰਦਰ ਮਰਵਾਹਾ ‘ਕਮਿਸ਼ਨ’ ਦੀ ਗੱਲ ਕਰਦਾ ਨਜ਼ਰ ਆਉਂਦਾ ਹੈ। ਤਰਜਮਾਨ ਨੇ ਕਿਹਾ, ‘‘ਅਸੀਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਨਵੀਂ ਆਬਕਾਰੀ ਨੀਤੀ ਬਾਰੇ ਪੰਜ ਸਵਾਲ ਪੁੱਛੇ ਸਨ। ਹਾਲਾਂਕਿ ਇਨ੍ਹਾਂ ਦੇ ਅਜੇ ਤੱਕ ਜਵਾਬ ਨਹੀਂ ਮਿਲੇ, ਲਿਹਾਜ਼ਾ ਸਾਨੂੰ ਸਟਿੰਗ ਅਪਰੇਸ਼ਨ ਜ਼ਰੀਏ ਉਨ੍ਹਾਂ ਨੂੰ ਬੇਨਕਾਬ ਕਰਨਾ ਪਿਆ। ਪਾਤਰਾ ਨੇ ਕਿਹਾ ਕਿ ਸਟਿੰਗ ਅਪਰੇਸ਼ਨ ਤੋਂ ਸਾਫ਼ ਹੈ ਕਿ ਦਿੱਲੀ ਦੀ ‘ਆਪ’ ਸਰਕਾਰ ਨੇ ‘ਬਲੈਕਲਿਸਟ ਕੀਤੀਆਂ ਕੰਪਨੀਆਂ ਨੂੰ ਸੱਦਾ ਦਿੱਤਾ ਤੇ ਉਨ੍ਹਾਂ ਨੂੰ ਠੇਕੇ ਅਲਾਟ ਕੀਤੇ। ਪਾਤਰਾ ਨੇ ਕਿਹਾ, ‘‘ਕੇਜਰੀਵਾਲ ਨੂੰ ਜਿਹੇ ਥੋੜ੍ਹੀ ਵੀ ਸ਼ਰਮ ਹੈ, ਤਾਂ ਉਹ ਸਿਸੋਦੀਆ ਨੂੰ ਅਹੁਦੇ ਤੋਂ ਲਾਂਭੇ ਕਰਨ।’’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਜਰੀਵਾਲ ਨੇ ਦਿੱਲੀ ਨੂੰ ਸਿੰਗਾਪੁਰ ਬਣਾਉਣ ਦੇ ਸੁਫ਼ਨੇ ਵੇਚੇ ਸਨ, ਪਰ ‘ਇਸ ਨੂੰ ਭ੍ਰਿਸ਼ਟਾਚਾਰ ਦਾ ਗੜ੍ਹ ਬਣਾ ਛੱਡਿਆ।’ ਉਧਰ ਮਨੋਜ ਤਿਵਾੜੀ ਨੇ ਕਿਹਾ ਕਿ ਸਟਿੰਗ ਅਪਰੇਸ਼ਨ ਨੇ ਸ਼ਰਾਬ ਨੀਤੀ ਬਾਰੇ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ, ਜੋ ਭਾਜਪਾ ਵੱਲੋਂ ਕੇਜਰੀਵਾਲ ਸਰਕਾਰ ਤੋਂ ਪੁੱਛੇ ਜਾ ਰਹੇ ਸਨ। ਇਸ ਦੌਰਾਨ ਸੀਬੀਆਈ ਨੇ ਦਾਅਵਾ ਕੀਤਾ ਕਿ ਦਿੱਲੀ ਆਬਕਾਰੀ ਨੀਤੀ ਕੇਸ ਵਿੱਚ ਮੁਲਜ਼ਮ ਸੰਨੀ ਮਰਵਾਹਾ ਦੇ ਬਿਆਨ ਦਰਜ ਕਰਨ ਮੌਕੇ ਉਸ ਨੇ ਇਸ ਪੂਰੇ ਘੁਟਾਲੇ ਦੀ ਕਾਰਜ ਵਿਧੀ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ। ਭਾਜਪਾ ਵੱਲੋਂ ਅੱਜ ਜਾਰੀ ‘ਸਟਿੰਗ ਅਪਰੇਸ਼ਨ’ ਦੀ ਟੇਪ ਵਿੱਚ ਨਜ਼ਰ ਆਉਣ ਵਾਲਾ ਵਿਅਕਤੀ ਸੰਨੀ ਮਰਵਾਹਾ ਦਾ ਪਿਤਾ ਹੈ।
ਭਾਜਪਾ ਦਾ ਸਟਿੰਗ ਆਪਰੇਸ਼ਨ ਮਜ਼ਾਕ: ਸਿਸੋਦੀਆ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਰਾਬ ਆਬਕਾਰੀ ਨੀਤੀ ਘੁਟਾਲੇ ਵਿੱਚ ਸੀਬੀਆਈ ਵੱਲੋਂ ‘ਕਲੀਨ ਚਿੱਟ’ ਮਿਲਣ ਦੇਣ ਦੇ ਦਾਅਵੇ ਨੂੰ ਦੁਹਰਾਉਂਦੇ ਹੋਏ ਭਾਜਪਾ ਵੱਲੋਂ ਕੀਤੇ ‘ਸਟਿੰਗ ਆਪਰੇਸ਼ਨ’ ਨੂੰ ਮਜ਼ਾਕ ਕਰਾਰ ਦਿੱਤਾ ਹੈ। ਸਿਸੋਦੀਆ ਨੇ ਕਿਹਾ ਕਿ ਸੀਬੀਆਈ ਨੂੰ ਛਾਪਿਆਂ ਦੌਰਾਨ ਉਨ੍ਹਾਂ ਦੇ ਘਰ ਤੇ ਬੈਂਕ ਲੌਕਰ ਵਿੱਚੋਂ ਕੁਝ ਨਹੀਂ ਮਿਲਿਆ ਤੇ ਉਨ੍ਹਾਂ ਨੂੰ ‘ਕਲੀਟ ਚਿੱਟ’ ਦਿੱਤੀ ਗਈ। ਉਪ ਮੁੱਖ ਮੰਤਰੀ ਨੇ ਕਿਹ, ‘‘ਸੀਬੀਆਈ ਨੇ ਮੈਨੂੰ ਕਲੀਨ ਚਿੱਟ ਦਿੱਤੀ ਹੈ, ਕਿਉਂਕਿ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਇਹੀ ਵਜ੍ਹਾ ਹੈ ਕਿ ਭਾਜਪਾ ਇਸ ਤਰ੍ਹਾਂ ਦੀਆਂ ਜੁਗਤਾਂ ’ਤੇ ਉਤਰ ਆਈ ਹੈ। ਇਹ ਸਟਿੰਗ ਆਪਰੇਸ਼ਨ ਨਹੀਂ, ਇਹ ਸਿਰਫ਼ ਮਜ਼ਾਕ ਹੈ।’’ ‘ਆਪ’ ਆਗੂ ਨੇ ਪੱਤਰਕਾਰਾਂ ਨੂੰ ਕਿਹਾ, ‘‘ਭਾਜਪਾ ਕਿਸੇ ਨੂੰ ਵੀ ਕਾਰ ਵਿੱਚ ਬਿਠਾ ਕੇ ਕੁਝ ਵੀ ਕੁਹਾ ਸਕਦੀ ਹੈ, ਪਰ ਇਸ ਨਾਲ ਇਹ ਸਟਿੰਗ ਆਪਰੇਸ਼ਨ ਨਹੀਂ ਬਣ ਜਾਂਦਾ। ਇਹ ਸਿਰਫ਼ ਮਜ਼ਾਕ ਹੈ। ਮੈਂ ਅਜਿਹੇ ਕਈ ਸਟਿੰਗ ਆਪਰੇਸ਼ਨ ਸਾਂਝੇ ਕਰ ਸਕਦਾ ਹਾਂ ਤੇ ਤੁਸੀਂ ਇਨ੍ਹਾਂ ਸਾਰਿਆਂ ਨੂੰ ਛਾਪਣਾ।’