ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਕਮੇਟੀ ਵੱਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਯਤਨ ਕਰਨ ਵਾਲੀ ਅਭਿਨੇਤਰੀ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇਗਾ। ਸ੍ਰੀ ਸਿਰਸਾ ਨੇ ਕਿਹਾ ਕਿ ਅਭਿਨੇਤਰੀ ਨੇ ਇਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਕਰਾਰ ਦੇ ਕੇ ਇਸ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਦਾਕਾਰਾ ਦਾ ਮਕਸਦ ਲੋਕਾਂ ਨੂੰ ਇਸ ਅੰਦੋਲਨ ਖ਼ਿਲਾਫ਼ ਭੜਕਾਉਣਾ ਹੈ ਅਤੇ ਉਹ ਲੋਕਾਂ ਵਿਚ ਅੰਦੋਲਨ ਪ੍ਰਤੀ ਨਫ਼ਰਤ ਪੈਦਾ ਕਰਨਾ ਚਾਹੁੰਦੀ ਹੈ। ਸਿਰਸਾ ਨੇ ਕਿਹਾ ਕਿ ਸਰਕਾਰ ਨੂੰ ਵੀ ਕੰਗਨਾ ਰਣੌਤ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਫ਼ਰਤ ਫੈਲਾਉਣ ਲਈ ਕੰਗਨਾ ਨੂੰ ਸਬਕ ਸਿਖਾਇਆ ਜਾਵੇਗਾ। ਸ੍ਰੀ ਸਿਰਸਾ ਨੇ ‘ਟਵਿੱਟਰ ਇੰਡੀਆ’ ਤੇ ਐਡੀਟਰਜ਼ ਗਿਲਡ ਨੂੰ ਵੀ ਅਪੀਲ ਕੀਤੀ ਕਿ ਉਹ ਕੰਗਨਾ ਦੀ ‘ਮੰਦੀ ਭਾਸ਼ਾ’ ਦਾ ਨੋਟਿਸ ਲੈਣ।