ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜਨਵਰੀ
ਦਿੱਲੀ ਸਰਕਾਰ ਨੇ ਇੱਕ ਲੱਖ (1,01,247) ਤੋਂ ਵੱਧ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਜਿਸ ਨਾਲ ਉਨ੍ਹਾਂ ਦੇ ਮਾਲਕਾਂ ਕੋਲ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਲੈਕਟ੍ਰਿਕ ਕਿੱਟਾਂ ਨਾਲ ‘ਰੀਟਰੋਫਿਟ’ ਕਰਨ ਜਾਂ ਦੂਜੇ ਰਾਜਾਂ ਵਿੱਚ ਵੇਚਣ ਦੇ ਮੌਕੇ ਸਨ। ਦਿੱਲੀ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਨੂੰ ਵੀ ਅਣਰਜਿਸਟਰਡ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਪੁਰਾਣੇ ਪੈਟਰੋਲ ਵਾਹਨਾਂ ਦੀ ਗਿਣਤੀ 43 ਲੱਖ ਤੋਂ ਵੱਧ ਹੋਣ ਦਾ ਅੰਦਾਜ਼ਾ ਹੈ ਜਿਨ੍ਹਾਂ ਵਿੱਚ 32 ਲੱਖ ਦੋ ਪਹੀਆ ਵਾਹਨ ਤੇ 11 ਲੱਖ ਕਾਰਾਂ ਸ਼ਾਮਲ ਹਨ। ਟਰਾਂਸਪੋਰਟ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ 10 ਸਾਲ ਪੁਰਾਣਾ ਡੀਜ਼ਲ ਵਾਹਨ ਜਾਂ 15 ਸਾਲ ਤੋਂ ਵੱਧ ਪੁਰਾਣਾ ਪੈਟਰੋਲ ਵਾਹਨ ਸੜਕਾਂ ’ਤੇ ਚਲਦਾ ਮਿਲਿਆ ਤਾਂ ਉਸ ਨੂੰ ਜ਼ਬਤ ਕਰਕੇ ਸਕ੍ਰੈਪਿੰਗ ਲਈ ਭੇਜਿਆ ਜਾਵੇਗਾ। -ਏਜੰਸੀ