ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਅੱਜ ਕਿਹਾ ਕਿ ਕੌਮੀ ਰਾਜਧਾਨੀ ਲਈ ਆਕਸੀਜਨ ਦੀ ਔਸਤ ਸਪਲਾਈ 700 ਮੀਟਰਕ ਟਨ ਕਰਨ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ 8 ਮਈ ਨੂੰ ਦਿੱਲੀ ਨੂੰ ਸਿਰਫ਼ 499 ਮੀਟਰਕ ਟਨ ਆਕਸੀਜਨ ਦੀ ਸਪਲਾਈ ਮਿਲੀ। ਪਿਛਲੇ ਹਫ਼ਤੇ ਵਿਚ ਸ਼ਹਿਰ ਨੂੰ ਰੋਜ਼ਾਨਾ ਔਸਤ 533 ਮੀਟਰਕ ਟਨ ਆਕਸੀਜਨ ਮਿਲੀ ਹੈ ਜੋ ਕਿ ਸੁਪਰੀਮ ਕੋਰਟ ਵੱਲੋਂ ਦੱਸੀ ਗਈ ਮਾਤਰਾ ਦਾ 76 ਫ਼ੀਸਦ ਹੈ। ਦਿੱਲੀ ਸਰਕਾਰ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਕੌਮੀ ਰਾਜਧਾਨੀ ਵਿਚ 1,271 ਆਕਸੀਜਨ ਬਿਸਤਰਿਆਂ ਦੀ ਸਹੂਲਤ ਵਾਲੇ ਸਿਰਫ਼ ਚਾਰ ਹਸਪਤਾਲਾਂ ਨੇ ਆਕਸੀਜਨ ਦੀ ਘਾਟ ਸਬੰਧੀ ਐੱਸਓਐੱਸ ਸੁਨੇਹੇ ਭੇਜੇ। ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ਸਰਕਾਰ ਨੇ ਇਨ੍ਹਾਂ ਹਸਪਤਾਲਾਂ ਨੂੰ 15.50 ਮੀਟਰਕ ਟਨ ਆਕਸੀਜਨ ਸਪਲਾਈ ਕੀਤੀ। -ਪੀਟੀਆਈ