ਨਵੀਂ ਦਿੱਲੀ, 12 ਮਈ
ਆਮ ਆਦਮੀ ਪਾਰਟੀ (ਆਪ) ਦੀ ਨੇਤਾ ਆਤਿਸ਼ੀ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਨੂੰ 11 ਮਈ ਨੂੰ ਕੋਵੀਸ਼ੀਲਡ ਟੀਕੇ ਦੀ 2.67 ਲੱਖ ਹੋਰ ਖੁਰਾਕਾਂ ਪ੍ਰਾਪਤ ਹੋਈਆਂ ਹਨ। ‘ਆਪ’ ਆਗੂ ਨੇ ਕਿਹਾ ਕਿ ਕੁਝ ਟੀਕਾਕਰਨ ਕੇਂਦਰ 18 ਤੋਂ 45 ਸਾਲ ਉਮਰ ਦੇ ਲੋਕਾਂ ਦੇ ਟੀਕਾਕਰਨ ਲਈ ਬੁੱਧਵਾਰ ਤੋਂ ਬੰਦ ਰਹਿਣਗੇ। ‘ਆਪ’ ਵਿਧਾਇਕਾ ਆਤਿਸ਼ੀ ਨੇ ਵੈਕਸੀਨੇਸ਼ਨ ਬੁਲੇਟਿਨ ਪੇਸ਼ ਕਰਦਿਆਂ ਕਿਹਾ, ‘ਟੀਕਿਆਂ ਦੀਆਂ ਲੱਗਪਗ 16 ਹਜ਼ਾਰ ਖੁਰਾਕਾਂ, ਜੋ ਅੱਜ ਸਵੇਰੇ ਉਪਲੱਬਧ ਸਨ, 44 ਕੇਂਦਰਾਂ ’ਚ ਵੰਡ ਦਿੱਤੀਆਂ ਗਈਆਂ। ਬੁੱਧਵਾਰ ਸ਼ਾਮ ਤੋਂ ਬਾਅਦ ਕਿਸੇ ਵੀ ਕੇਂਦਰ ’ਤੇ ਕੋਵੈਕਸੀਨ ਦੇ ਟੀਕੇ ਨਹੀਂ ਲਗਾਏ ਜਾਣਗੇ।’ ਉਨ੍ਹਾਂ ਕਿਹਾ ਹਾਲਾਂਕਿ ਮੰਗਲਵਾਰ ਸ਼ਾਮ ਨੂੰ ਦਿੱਲੀ ਨੂੰ ਕੋਵੀਸ਼ੀਲਡ ਦੀਆਂ 2.67 ਲੱਖ ਹੋਰ ਖੁਰਾਕਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਮੁਤਾਬਕ ਮੰਗਲਵਾਰ ਨੂੰ ਸ਼ਹਿਰ ’ਚ ਟੀਕਿਆਂ ਦੀਆਂ 1.28 ਖੁਰਾਕਾਂ ਵੰਡੀਆਂ ਗਈਆਂ।
ਇਸੇ ਦੌਰਾਨ ਅੱਜ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਮਿਲਟਰੀ ਵੱਲੋਂ ਚਲਾਏ ਜਾ ਰਹੇ ਦੋ ਕੋਵਿਡ-19 ਹਸਪਤਾਲਾਂ ਦੀ ਦੌਰਾ ਕੀਤਾ ਅਤੇ ਮਰੀਜ਼ਾਂ ਦੀ ਦੇਖਭਾਲ ਸਬੰਧੀ ਤੰਤਰ ਅਤੇ ਸਮੁੱਚੇ ਕੰਮਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦਿੱਲੀ ਛਾਉਣੀ ’ਚ ਫੌਜ ਵੱਲੋਂ ਚਲਾਏ ਜਾ ਰਹੇ ਹਸਪਤਾਲ ਅਤੇ ਸਰਦਾਰ ਵੱਲਭਭਾਈ ਪਟੇਲ ਹਸਪਤਾਲ, ਜੋ ਕਿ ਡੀਆਰਡੀਓ ਵੱਲੋਂ ਸਥਾਪਤ ਕੀਤਾ ਗਿਆ ਹੈ, ਵਿੱਚ ਕੁਝ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। -ਏਜੰਸੀ