ਨਵੀਂ ਦਿੱਲੀ, 22 ਅਗਸਤ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਦਿੱਲੀ ਆਬਕਾਰੀ ਨੀਤੀ ਵਿੱਚ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਨਾਮਜ਼ਦ ਇੰਡੋਸਪਿਰਿਟ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਮਹੇਂਦਰੂ ਤੋਂ ਪੁੱਛ ਪੜਤਾਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਇਸ ਮਾਮਲੇ ਵਿੱਚ ਪਹਿਲਾਂ ਹੀ ਹੈਦਰਾਬਾਦ ਦੇ ਕਾਰੋਬਾਰੀ ਅਰੁਣ ਰਾਮਚੰਦਰ ਪਿੱਲੈ ਤੋਂ ਇਕ ਵਾਰ ਪੁੱਛ-ਪੜਤਾਲ ਕਰ ਚੁੱਕੀ ਹੈ ਜਦਕਿ ਮਹੇਂਦਰੂ ਤੋਂ ਦੁਬਾਰਾ ਪੜਤਾਲ ਕੀਤੀ ਜਾ ਰਹੀ ਹੈ। ਸੀਬੀਆਈ ਨੇ ਐੱਫਆਈਆਰ ਵਿੱਚ ਦੋ ਘਟਨਾਵਾਂ ਦਾ ਹਵਾਲਾ ਦਿੱਤਾ ਹੈ ਜਿਸ ਮੁਤਾਬਕ ਮਹੇਂਦਰੂ ਨੇ ਕੁੱਲ 4 ਤੋਂ 5 ਕਰੋੜ ਰੁਪਏ ਦਾ ਭੁਗਤਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ‘ਨੇੜਲੇ ਸਹਿਯੋਗੀਆਂ’ ਨੂੰ ਕੀਤਾ ਹੈ। ਏਜੰਸੀ ਵੱਲੋਂ ਐੱਫਆਈਆਰ ਵਿੱਚ ਸਿਸੋਦੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਇਸੇ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਸਮੀਰ ਮਹੇਂਦਰੂ 2013 ਵਿੱਚ ਭ੍ਰਿਸ਼ਟਾਚਾਰ ਲਈ ਦੋਸ਼ੀ ਠਹਿਰਾਏ ਗਏ ਦੋ ਅਧਿਕਾਰੀਆਂ ਖ਼ਿਲਾਫ਼ ਏਜੰਸੀ ਦਾ ਮੁੱਖ ਗਵਾਹ ਸੀ। ਸੀਬੀਆਈ ਦੇ ਗਵਾਹ ਵਜੋਂ ਮਹੇਂਦਰੂ ਨੇ ਦਿੱਲੀ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ (ਡੀਐੈੱਸਆਈਆਈਡੀਸੀ) ਦੇ ਉਨ੍ਹਾਂ ਦੋ ਅਧਿਕਾਰੀਆਂ ਖ਼ਿਲਾਫ਼ ਗਵਾਹੀ ਦਿੱਤੀ ਸੀ ਜੋ ਹਰ ਮਹੀਨੇ ਡਿਸਟਰੀਬਿਊਟਰਾਂ ਤੋਂ ਮਹਿੰਗੀ ਸ਼ਰਾਬ ਦੀਆਂ ਚਾਰ ਪੰਜ ਬੋਤਲਾਂ ਵੱਖ-ਵੱਖ ਫਾਇਦਿਆਂ ਲਈ ਮੰਗ ਰਹੇ ਸਨ। ਸਮੀਰ ਦੀ ਗਵਾਹੀ ਅਹਿਮ ਸਾਬਤ ਹੋਈ ਸੀ ਅਤੇ ਡੀਐੈੱਸਆਈਆਈਡੀਸੀ ਦੇ ਦੋ ਅਧਿਕਾਰੀਆਂ ਸੁਸ਼ਾਂਤ ਮੁਖਰਜੀ ਅਤੇ ਅਮਰੀਕ ਸਿੰਘ ਨੂੰ 2013 ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਸੀਬੀਆਈ ਦੀ ਜਿਸ ਇਕਾਈ ਨੇ ਉਕਤ ਮਾਮਲੇ ਦੀ ਜਾਂਚ ਕੀਤੀ ਸੀ ਉਹੀ ਹੁਣ ਮਹੇਂਦਰੂ ਅਤੇ ਦਿੱਲੀ ਦੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਣੇ 14 ਹੋਰ ਜਣਿਆਂ ਖ਼ਿਲਾਫ਼ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। -ਪੀਟੀਆਈ