ਨਵੀਂ ਦਿੱਲੀ, 17 ਅਕਤੂਬਰ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਆਬਕਾਰੀ ਨੀਤੀ ਕੇਸ ਵਿੱਚ ਲੰਘੇ ਦਿਨ ਸੰਮਨ ਕੀਤੇ ਜਾਣ ਮਗਰੋਂ ਸੀਬੀਆਈ ਦਫ਼ਤਰ ਪੁੱਜੇ। ਕੇਂਦਰੀ ਏਜੰਸੀ ਨੇ ਇਸ ਮਾਮਲੇ ਵਿੱਚ ਉਨ੍ਹਾਂ ਤੋਂ 9 ਘੰਟੇ ਪੁੱਛਗਿੱਛ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਸਿਸੋਦੀਆ ਨੂੰ ਪੁੱਛਗਿੱਛ ਲਈ ਦੁਬਾਰਾ ਵੀ ਬੁਲਾਇਆ ਜਾ ਸਕਦਾ ਹੈ। ਕੇਂਦਰੀ ਜਾਂਚ ਏਜੰਸੀ ਨੇ ਸਿਸੋਦੀਆ ਤੇ 14 ਹੋਰਨਾਂ ਖਿਲਾਫ਼ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਅਗਸਤ ਵਿੱਚ ਕੇਸ ਦਰਜ ਕੀਤਾ ਸੀ। ਸਿਸੋਦੀਆ ਨੇ ਦੋਸ਼ ਲਾਇਆ ਕਿ ਸੀਬੀਆਈ ਵੱਲੋਂ ਉਸ ’ਤੇ ਪਾਰਟੀ ਛੱਡਣ ਦਾ ਦਬਾਅ ਬਣਾਇਆ ਗਿਆ। ਹਾਲਾਂਕਿ ਕੇਂਦਰੀ ਏਜੰਸੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।
ਆਪਣੇ ਘਰੋਂ ਸੀਬੀਆਈ ਦਫ਼ਤਰ ਲਈ ਰਵਾਨਾ ਹੋਣ ਤੋਂ ਪਹਿਲਾਂ ਸਿਸੋਦੀਆ ਨੇ ਆਪਣੀ ਮਾਂ ਨੂੰ ਮੱਥਾ ਟੇਕਿਆ ਤੇ ਪਤਨੀ ਤੋਂ ਮੱਥੇ ’ਤੇ ਟਿੱਕਾ ਲਵਾਇਆ। ਉਪ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਾਰਾ 144 ਲੱਗੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਪਾਰਟੀ ਵਰਕਰ ਤੇ ਹਮਾਇਤੀ ਮੌਜੂਦ ਸਨ। ਸਿਸੋਦੀਆ ਕਾਫ਼ਲੇ ਦੀ ਸ਼ਕਲ ਵਿੱਚ ਆਪਣੇ ਘਰੋਂ ਰਵਾਨਾ ਹੋਏ। ਸਿਸੋਦੀਆ ਪਹਿਲਾਂ ਆਪਣੇ ਪਾਰਟੀ ਦਫ਼ਤਰ ਤੇ ਮਗਰੋਂ ਰਾਜਘਾਟ ਵੀ ਗਏ। ਸਿਸੋਦੀਆ ਨੇ ਕਿਹਾ ਕਿ ਉਹ ਸੀਬੀਆਈ ਤੇ ਈਡੀ ਤੋਂ ਨਹੀਂ ਡਰਦੇ ਤੇ ਨਾ ਹੀ ਜੇਲ੍ਹ ਜਾਣ ਤੋਂ ਡਰਦੇ ਹਨ ਕਿਉਂਕਿ ਭਗਤ ਸਿੰਘ ਵੀ ਦੇਸ਼ ਲਈ ਜੇਲ੍ਹ ਗਏ ਸਨ। ਇਸ ਦੌਰਾਨ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਤੇ ਹੋਰਨਾਂ ਪ੍ਰਦਰਸ਼ਨਕਾਰੀਆਂ ਨੂੰ ਸੀਬੀਆਈ ਹੈੱਡਕੁਆਰਟਰ ਦੇ ਬਾਹਰ ਪਾਬੰਦੀ ਹੁਕਮਾਂ ਦੀ ਕਥਿਤ ਉਲੰਘਣਾ ਦੇੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੀਜੀਓ ਕੰਪਲੈਕਸ ਦੇ ਬਾਹਰ ਧਾਰਾ 144 ਲੱਗੀ ਹੋਈ ਸੀ।