ਨਵੀਂ ਦਿੱਲੀ, 28 ਸਤੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੱਦ ਹੋ ਚੁੱਕੀ ਦਿੱਲੀ ਆਬਕਾਰੀ ਨੀਤੀ ’ਚ ਕਥਿਤ ਬੇਨਿਯਮੀਆਂ ਦੇ ਸਬੰਧ ’ਚ ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ। ਮਹੇਂਦਰੂ ਇੰਡੋਸਪ੍ਰਿਟ ਕੰਪਨੀ ਦਾ ਐੱਮਡੀ ਹੈ। ਉਸ ਤੋਂ ਏਜੰਸੀ ਦੇ ਦਫ਼ਤਰ ’ਚ ਮੰਗਲਵਾਰ ਰਾਤ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਸੀ ਜਿਸ ਮਗਰੋਂ ਉਸ ਨੂੰ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੋਂ ਰੋਕਣ ਵਾਲੇ ਐਕਟ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਹਿਰਾਸਤ ’ਚ ਲੈ ਲਿਆ ਗਿਆ। ਇਸ ਤੋਂ ਪਹਿਲਾਂ ਮਹੇਂਦਰੂ ਤੋਂ ਸੀਬੀਆਈ ਨੇ ਪੁੱਛ-ਪੜਤਾਲ ਕੀਤੀ ਸੀ। ਸੀਬੀਆਈ ਨੇ ਇਕ ਦਿਨ ਪਹਿਲਾਂ ਆਬਕਾਰੀ ਨੀਤੀ ਕੇਸ ’ਚ ਕਾਰੋਬਾਰੀ ਵਿਜੈ ਨਾਇਰ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ’ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੁਲਜ਼ਮ ਵਜੋਂ ਨਾਮਜ਼ਦ ਹਨ। ਦਿੱਲੀ ਦੀ ਰਾਊਜ਼ ਕੋਰਟ ਨੇ ਨਾਇਰ ਨੂੰ ਪੰਜ ਦਿਨ ਦੇ ਸੀਬੀਆਈ ਰਿਮਾਂਡ ’ਤੇ ਭੇਜ ਦਿੱਤਾ ਹੈ। ਸੀਬੀਆਈ ਨੇ ਆਪਣੀ ਐੱਫਆਈਆਰ ’ਚ ਮਹੇਂਦਰੂ ਦਾ ਦੋ ਥਾਵਾਂ ’ਤੇ ਜ਼ਿਕਰ ਕਰਦਿਆਂ ਦੋਸ਼ ਲਾਇਆ ਹੈ ਕਿ ਉਸ ਨੇ ਸਿਸੋਦੀਆ ਦੇ ਨੇੜਲੇ ਸਾਥੀਆਂ ਨੂੰ ਕਰੀਬ 4 ਤੋਂ 5 ਕਰੋੜ ਰੁਪਏ ਦੀ ਅਦਾਇਗੀ ਕੀਤੀ ਸੀ। ਐੱਫਆਈਆਰ ’ਚ ਕਿਹਾ ਗਿਆ ਹੈ ਕਿ ਸਿਸੋਦੀਆ ਦੇ ਨੇੜਲੇ ਸਾਥੀ ਅਮਿਤ ਅਰੋੜਾ, ਦਿਨੇਸ਼ ਅਰੋੜਾ ਅਤੇ ਅਰਜੁਨ ਪਾਂਡੇ ਨੇ ਸ਼ਰਾਬ ਦੇ ਲਾਇਸੈਂਸਧਾਰਕਾਂ ਤੋਂ ਰਕਮ ਇਕੱਠੀ ਕਰਕੇ ਅੱਗੇ ਵੰਡੀ ਸੀ। -ਪੀਟੀਆਈ
‘ਆਪ’ ’ਚ ਹੁਣ ਕਿਸੇ ਦੀ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ: ਕੇਜਰੀਵਾਲ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ‘ਆਪ’ ’ਚ ਹੁਣ ਕਿਸੇ ਨੂੰ ਵੀ ਝੂਠੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਕਿਉਂਕਿ ਗੁਜਰਾਤ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਹਾਰ ਦੇ ਡਰ ਕਾਰਨ ਭਾਜਪਾ ਉਨ੍ਹਾਂ ਦੀ ਪਾਰਟੀ ਨੂੰ ਕੁਚਲਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ। ਆਪਣੇ ਡਿਜੀਟਲੀ ਸੰਬੋਧਨ ਦੌਰਾਨ ਕੇਜਰੀਵਾਲ ਨੇ ਦਾਅਵਾ ਕੀਤਾ ਕਿ ‘ਆਪ’ ਦੇ ਸੰਚਾਰ ਮੁਖੀ ਵਿਜੈ ਨਾਇਰ ’ਤੇ ਸੀਬੀਆਈ ਨੇ ਮਨੀਸ਼ ਸਿਸੋਦੀਆ ਖ਼ਿਲਾਫ਼ ਝੂਠਾ ਬਿਆਨ ਦੇਣ ਲਈ ਦਬਾਅ ਬਣਾਇਆ ਸੀ ਪਰ ਜਦੋਂ ਉਹ ਨਾ ਮੰਨਿਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਧਰ ਭਾਜਪਾ ਨੇ ਮੰਗ ਕੀਤੀ ਹੈ ਕਿ ਆਬਕਾਰੀ ਨੀਤੀ ਕੇਸ ’ਚ ਕੇਜਰੀਵਾਲ ਅਤੇ ਸਿਸੋਦੀਆ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ। -ਪੀਟੀਆਈ