ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਦੇ ਕਥਿਤ ਆਬਕਾਰੀ ਘੁਟਾਲੇ ਮਾਮਲੇ ’ਚ ਹੈਦਰਾਬਾਦ ਆਧਾਰਿਤ ਕਾਰੋਬਾਰੀ ਅਭਿਸ਼ੇਕ ਬੋਇਨਪੱਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੁਲਜ਼ਮ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਭਿਸ਼ੇਕ ਦੱਖਣੀ ਭਾਰਤ ਦੇ ਕੁਝ ਖਾਸ ਸ਼ਰਾਬ ਕਾਰੋਬਾਰੀਆਂ ਲਈ ਕਥਿਤ ਤੌਰ ’ਤੇ ਕੰਮ ਕਰਦਾ ਸੀ। ਉਸ ਨੂੰ ਐਤਵਾਰ ਨੂੰ ਪੁੱਛ-ਪੜਤਾਲ ਲਈ ਸੱਦਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੋਇਨਪੱਲੀ ਕੁਝ ਸਵਾਲਾਂ ਦੇ ਜਵਾਬ ਦੇਣ ਤੋਂ ਬਚ ਰਿਹਾ ਸੀ ਜਿਸ ਮਗਰੋਂ ਉਸ ਨੂੰ ਦੇਰ ਰਾਤ ਹਿਰਾਸਤ ’ਚ ਲੈ ਲਿਆ ਗਿਆ। ਉਂਜ ਸੀਬੀਆਈ ਦੀ ਐੱਫਆਈਆਰ ’ਚ ਮੁਲਜ਼ਮ ਵਜੋਂ ਉਸ ਦਾ ਨਾਮ ਨਹੀਂ ਸੀ ਪਰ ਉਸ ਦੇ ਨੇੜਲੇ ਸਾਥੀ ਅਰੁਣ ਰਾਮਚੰਦਰ ਪਿੱਲਈ ਖ਼ਿਲਾਫ਼ ਕੇਸ ਦਰਜ ਹੈ। ਦੋਹਾਂ ਨੇ ਰੌਬਿਨ ਡਿਸਟ੍ਰੀਬਿਊਸ਼ਨ ਐੱਲਐੱਲਪੀ ਨਾਮ ਦੀ ਕੰਪਨੀ ਇਸ ਸਾਲ ਜੁਲਾਈ ’ਚ ਖੋਲ੍ਹੀ ਸੀ। ਪਿੱਲਈ ’ਤੇ ਦੋਸ਼ ਹਨ ਕਿ ਉਸ ਨੇ ਇੰਡੋ ਸਪਿਰਿਟ ਦੇ ਸਮੀਰ ਮਹੇਂਦਰੂ ਤੋਂ ਰਿਸ਼ਵਤ ਲੈ ਕੇ ਕਾਰੋਬਾਰੀ ਅਤੇ ‘ਆਪ’ ਆਗੂ ਵਿਜੈ ਨਾਇਰ ਨੂੰ ਦਿੱਤੀ ਸੀ ਜਿਸ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਕੇਸ ’ਚ ਬੋਇਨਪੱਲੀ, ਨਾਇਰ ਤੋਂ ਬਾਅਦ ਗ੍ਰਿਫ਼ਤਾਰ ਹੋਣ ਵਾਲਾ ਦੂਜਾ ਵਿਅਕਤੀ ਹੈ। -ਪੀਟੀਆਈ