ਨਵੀਂ ਦਿੱਲੀ, 17 ਅਕਤੂਬਰ
ਦਿੱਲੀ ਆਬਕਾਰੀ ਘੁਟਾਲੇ ਨਾਲ ਸਬੰਧਤ ਕੇਸ ਵਿੱਚ ਅੱਜ ਸੀਬੀਆਈ ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਨੌਂ ਘੰਟੇ ਤੋਂ ਵੱਧ ਸਮਾਂ ਪੁੱਛ ਪੜਤਾਲ ਕੀਤੀ।
ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਨੀਸ਼ ਸਿਸੋਦੀਆ ਸਵੇਰੇ 11.15 ਵਜੇ ਦੇ ਕਰੀਬ ਸੀਬੀਆਈ ਦੇ ਹੈੱਡੁਕਆਰਟਰ ਪਹੁੰਚੇ। ਉਨ੍ਹਾਂ ਨੂੰ ਸਿੱਧਾ ਪਹਿਲੀ ਮੰਜ਼ਿਲ ’ਤੇ ਭ੍ਰਿਸ਼ਟਾਚਾਰ ਰੋਕੂ ਬਰਾਂਚ ਦੇ ਦਫ਼ਤਰ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਰੂਰੀ ਰਸਮੀ ਕਾਰਵਾਈ ਪੂਰੀ ਕੀਤੇ ਜਾਣ ਮਗਰੋਂ ਉਨ੍ਹਾਂ ਤੋਂ ਦਿੱਲੀ ਦੀ ਆਬਕਾਰੀ ਨੀਤੀ, ਕਾਰੋਬਾਰੀ ਵਿਜੈ ਨਾਇਰ ਤੋਂ ਇਲਾਵਾ ਐੱਫਆਈਆਰ ’ਚ ਸ਼ਾਮਲ ਕੀਤੇ ਗਏ ਲੋਕਾਂ ਨਾਲ ਉਨ੍ਹਾਂ ਦੇ ਸਬੰਧਾਂ ਤੇ ਛਾਪਿਆਂ ’ਚ ਬਰਾਮਦ ਦਸਤਾਵੇਜ਼ਾਂ ਦੇ ਸਿਲਸਿਲੇ ’ਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਬੀਆਈ ਵਾਈਐੱਸਆਰਸੀਪੀ ਦੇ ਲੋਕ ਸਭਾ ਮੈਂਬਰ ਮਗੁੰਤਾ ਸ੍ਰੀਨਿਵਾਸੁਲੂ ਰੈੱਡੀ ਦੇ ਪੁੱਤਰ ਰਾਘਵ ਰੈੱਡੀ ਤੋਂ ਵੀ ਪੁੱਛ ਪੜਤਾਲ ਕਰ ਰਹੀ ਹੈ। ਉੱਧਰ ਸੀਬੀਆਈ ਵੱਲੋਂ ਪੁੱਛ ਪੜਤਾਲ ਤੋਂ ਪਹਿਲਾਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਖ਼ਿਲਾਫ਼ ਕੇਸ ‘ਫਰਜ਼ੀ’ ਹੈ ਅਤੇ ਉਨ੍ਹਾਂ ਇਸ ਸਾਰੇ ਘਟਨਾਕ੍ਰਮ ਨੂੰ ਗੁਜਰਾਤ ’ਚ ਚੋਣ ਪ੍ਰਚਾਰ ਨਾਲ ਜੋੜਿਆ। ਸਿਸੋਦੀਆ ਦੀ ਹਮਾਇਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿਸੋਦੀਆ ਨੂੰ ਗੁਜਰਾਤ ’ਚ ਚੋਣ ਪ੍ਰਚਾਰ ਕਰਨ ਤੋਂ ਰੋਕਣ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਬੀਆਈ ਦਫ਼ਤਰ ਜਾਣ ਤੋਂ ਪਹਿਲਾਂ ਸਿਸੋਦੀਆ ਨੇ ਆਪਣੀ ਮਥੁਰਾ ਰੋਡ ਸਥਿਤ ਰਿਹਾਇਸ਼ ’ਤੇ ਮਾਂ ਦਾ ਆਸ਼ੀਰਵਾਦ ਲਿਆ। ਦੇਸ਼ ਭਗਤੀ ਸੰਗੀਤ ਵਿਚਾਲੇ ਸਿਸੋਦੀਆ ਦੇ ਕਾਫ਼ਲੇ ’ਚ ਪਾਰਟੀ ਦੇ ਕਈ ਆਗੂ ਤੇ ਵਰਕਰ ਸ਼ਾਮਲ ਸਨ। ਸੀਬੀਆਈ ਦਫ਼ਤਰ ਜਾਂਦੇ ਸਮੇਂ ਸਿਸੋਦੀਆ ਨੇ ਪਾਰਟੀ ਦੇ ਹੈੱਡਕੁਆਰਟਰ ’ਚ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਉਹ ਗ੍ਰਿਫ਼ਤਾਰੀ ਤੋਂ ਨਹੀਂ ਡਰਦੇ ਤੇ ਜਾਂਚ ’ਚ ਪੂਰਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ, ‘ਮੈਂ ਬਾਪੂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਖ਼ਿਲਾਫ਼ ਵੀ ਫਰਜ਼ੀ ਕੇਸ ਦਰਜ ਕੀਤੇ ਗਏ ਸਨ। ਭਾਜਪਾ ਮੈਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ। ਮੈਨੂੰ ਮਾਣ ਹੈ ਕਿ ਮੈਂ ਇਸ ਦੇਸ਼ ਦੇ ਕੁਝ ਕੰਮ ਤਾਂ ਆਵਾਂਗਾ।’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਗੁਜਰਾਤ ’ਚ ‘ਆਪ’ ਦੀ ਚੜ੍ਹਤ ਤੋਂ ਘਬਰਾ ਗਈ ਹੈ। ਇਸ ਲਈ ਉਨ੍ਹਾਂ ਤੋਂ ਪੁੱਛ ਪੜਤਾਲ ਤੇ ਸੰਭਾਵੀ ਗ੍ਰਿਫ਼ਤਾਰੀ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਕੇਜਰੀਵਾਲ ਨੇ ਟਵੀਟ ਕੀਤਾ, ‘ਮਨੀਸ਼ ਦੀ ਰਿਹਾਇਸ਼ ਅਤੇ ਉਨ੍ਹਾਂ ਦੇ ਬੈਂਕ ਲੌਕਰ ’ਤੇ ਛਾਪੇ ਦੌਰਾਨ ਕੁਝ ਵੀ ਨਹੀਂ ਮਿਲਿਆ। ਉਨ੍ਹਾਂ ਖ਼ਿਲਾਫ਼ ਕੇਸ ਪੂਰੀ ਤਰ੍ਹਾਂ ਫਰਜ਼ੀ ਹੈ। ਉਨ੍ਹਾ ਚੋਣ ਪ੍ਰਚਾਰ ਲਈ ਗੁਜਰਾਤ ਜਾਣਾ ਸੀ। ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਪਰ ਚੋਣ ਪ੍ਰਚਾਰ ਨਹੀਂ ਰੁਕੇਗਾ। ਗੁਜਰਾਤ ’ਚ ਹਰ ਵਿਅਕਤੀ ‘ਆਪ’ ਲਈ ਪ੍ਰਚਾਰ ਕਰ ਰਿਹਾ ਹੈ।’ -ਪੀਟੀਆਈ
ਸੰਸਦ ਮੈਂਬਰ ਸੰਜੈ ਸਿੰਘ ਤੇ ਹੋਰ ਹਿਰਾਸਤ ਵਿੱਚ ਲਏ
ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੂੰ ਪਾਬੰਦੀ ਦੇ ਹੁਕਮਾਂ ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਅੱਜ ਸੀਬੀਆਈ ਦਫ਼ਤਰ ਦੇ ਬਾਹਰੋਂ ਹਿਰਾਸਤ ’ਚ ਲਿਆ ਹੈ। ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਨਾਲ ਸਬੰਧਤ ਕੇਸ ’ਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਵੱਲੋਂ ਪੁੱਛ ਪੜਤਾਲ ਲਈ ਸੱਦੇ ਜਾਣ ਖ਼ਿਲਾਫ਼ ਸੰਜੈ ਸਿੰਘ ਦੇ ਪਾਰਟੀ ਦੇ ਹੋਰ ਵਰਕਰ ਸੀਬੀਆਈ ਦੇ ਹੈੱਡਕੁਆਰਟਰ ਅੱਗੇ ਰੋਸ ਮੁਜ਼ਾਹਰਾ ਕਰ ਰਹੇ ਸਨ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ, ਰਾਖੀ ਬਿਰਲਾ, ਜਰਨੈਲ ਸਿੰਘ, ਕੁਲਦੀਪ ਕੁਮਾਰ ਸਮੇਤ ‘ਆਪ’ ਆਗੂਆਂ, ਵਰਕਰਾਂ ਤੇ ਵਿਧਾਇਕਾਂ ਨੂੰ ਧਾਰਾ 144 ਤਹਿਤ ਪਾਬੰਦੀ ਵਾਲੇ ਸੀਜੀਓ ਕੰਪਲੈਕਸ ’ਚ ਗ਼ੈਰਕਾਨੂੰਨੀ ਢੰਗ ਨਾਲ ਰੋਸ ਮੁਜ਼ਾਹਰਾ ਕਰਨ ਦੇ ਦੋਸ਼ ਹੇਠ ਹਿਰਾਸਤ ’ਚ ਲਿਆ ਗਿਆ ਹੈ। -ਪੀਟੀਆਈ
ਸਿਸੋਦੀਆ ਨੂੰ ਗੁਜਰਾਤ ਚੋਣਾਂ ਤੱਕ ਜੇਲ੍ਹ ’ਚ ਰੱਖਣਾ ਚਾਹੁੰਦੀ ਹੈ ਭਾਜਪਾ: ਕੇਜਰੀਵਾਲ
ਉਂਝਾ (ਗੁਜਰਾਤ): ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗੁਜਰਾਤ ਚੋਣਾਂ ਦੇ ਨਤੀਜੇ ਆਉਣ ਤੱਕ ਜੇਲ੍ਹ ਵਿੱਚ ਰੱਖਣ ਦੀ ਯੋਜਨਾ ਬਣਾ ਰਹੀ ਹੈ ਤਾਂ ਕਿ ਸਿਸੋਦੀਆ ਨੂੰ ਸੂਬੇ ਵਿੱਚ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਸਕੇ। ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਵਿੱਚ ਹੋਈਆਂ ਕਥਿਤ ਬੇਨੇਮੀਆਂ ਨਾਲ ਸਬੰਧਿਤ ਮਾਮਲੇ ਵਿੱਚ ਅੱਜ ਉਪ ਮੁੱਖ ਮੰਤਰੀ ਸਿਸੋਦੀਆ ਤੋਂ ਨੌਂ ਘੰਟੇ ਪੁੱਛਗਿੱਛ ਕੀਤੀ ਹੈ। ਇਥੇ ਮਹਿਸਾਨਾ ਜ਼ਿਲ੍ਹੇ ਦੇ ਉਂਝਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ 8 ਦਸੰਬਰ ਦੇ ਚੋਣ ਨਤੀਜਿਆਂ ਵਿੱਚ ਜਿੱਤ ਪ੍ਰਾਪਤ ਕਰਨ ਮਗਰੋਂ ‘ਜੇਲ੍ਹ ਕੇ ਤਾਲੇ ਟੂਟੇਂਗੇ, ਮਨੀਸ਼ ਸਿਸੋਦੀਆ ਛੂਟੇਂਗੇ।’ -ਪੀਟੀਆਈ
ਮੇਰੇ ’ਤੇ ‘ਆਪ’ ਛੱਡਣ ਲਈ ਦਬਾਅ ਪਾਇਆ ਗਿਆ: ਸਿਸੋਦੀਆ
ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੀਬੀਆਈ ਵੱਲੋਂ ਆਬਕਾਰੀ ਨੀਤੀ ਘੁਟਾਲੇ ਸਬੰਧੀ ਪੁੱਛ ਪੜਤਾਲ ਮਗਰੋਂ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਆਮ ਆਦਮੀ ਪਾਰਟੀ ਛੱਡਣ ਲਈ ਦਬਾਅ ਪਾਇਆ ਗਿਆ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ, ‘‘ਭਾਜਪਾ ਕਹਿੰਦੀ ਹੈ ਕਿ 10 ਹਜ਼ਾਰ ਕਰੋੜ ਦਾ ਆਬਕਾਰੀ ਘੁਟਾਲਾ ਹੋਇਆ ਹੈ। ਸੀਬੀਆਈ ਦਫ਼ਤਰ ਵਿੱਚ ਮੈਨੂੰ ਪਤਾ ਲੱਗਾ ਕੋਈ ਘੁਟਾਲਾ ਨਹੀਂ ਹੋਇਆ ਅਤੇ ਕੇਸ ਫਰਜ਼ੀ ਹੈ। ਮੇਰੇ ਖ਼ਿਲਾਫ਼ ਝੂਠਾ ਕੇਸ ਦਿੱਲੀ ਵਿੱਚ ਭਾਜਪਾ ਦੇ ‘ਅਪਰੇਸ਼ਨ ਲੋਟਸ’ ਨੂੰ ਸਫ਼ਲ ਬਣਾਉਣ ਦੀ ਸਾਜ਼ਿਸ਼ ਹੈ।’’ਦੂਜੇ ਪਾਸੇ ਸੀਬੀਆਈ ਨੇ ਮਨੀਸ਼ ਸਿਸੋਦੀਆ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। -ਪੀਟੀਆਈ