ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਪਰੈਲ
ਹਰਿਆਣਾ ਦੀ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨਾਂ ਨੂੰ ਜ਼ਮਾਨਤਾਂ ਦੇਣ ਤੇ ਰਿਹਾਈ ਲਈ 30 ਲੱਖ ਰੁਪਏ ਦੇ ਜ਼ਮਾਨਤੀ ਬਾਂਡ ਭਰੇ ਹਨ। ਸ੍ਰੀ ਚੜੂਨੀ ਦਾ ਇਹ ਬਿਆਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਬੀਰ ਸਿੰਘ ਰਾਜੇਵਾਲ ਦੇ ਉਸ ਬਿਆਨ ਦੇ ਇੱਕ ਦਮ ਉਲਟ ਹੈ ਜਿਸ ’ਚ ਕਿਹਾ ਜਾ ਰਿਹਾ ਸੀ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਸਾਨਾਂ ਦੀ ਰਿਹਾਈ ਲਈ ਕੁਝ ਨਹੀਂ ਕੀਤਾ। ਸ੍ਰੀ ਰਾਜੇਵਾਲ ਦੇ ਬਿਆਨ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਮਘੇ ਹੋਏ ਪ੍ਰਚਾਰ ਦੌਰਾਨ ਸ੍ਰੀ ਸਿਰਸਾ ਦੇ ਵਿਰੋਧੀਆਂ ਨੇ ਇਹ ਮੁੱਦਾ ਖੂਬ ਚੁੱਕਿਆ ਸੀ। ਸ੍ਰੀ ਚੜੂਨੀ ਨੇ ਦਿੱਲੀ ਕਮੇਟੀ ਵੱਲੋਂ ਲੰਗਰ, ਟੈਂਟਾਂ, ਦਵਾਈਆਂ ਅਤੇ ਹੋਰ ਸਾਮਾਨ ਸਮੇਤ ਜੋ ਵੀ ਲੋੜ ਪਈ ਉਹ ਮਦਦ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਦਿੱਲੀ ਕਮੇਟੀ ਨੇ ਇੱਕ ਗੁਰਦੁਆਰੇ ਵਿੱਚ ਵਕੀਲਾਂ ਲਈ ਦਫ਼ਤਰ ਬਣਾ ਦਿੱਤਾ। ਇਹ ਵਕੀਲ ਅਦਾਲਤਾਂ ਵਿੱਚ ਵੀ ਗਏ। ਉੱਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਰਾਜੇਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਵਕੀਲ ਬਾਰੇ ਦੱਸਣ ਜਿਸ ਨੇ ਕਿਸੇ ਵੀ ਪਰਿਵਾਰ ਦੇ ਜੀਅ ਨੂੰ ਜ਼ਮਾਨਤ ਦਿਵਾਈ ਹੋਵੇ। ਦਿੱਲੀ ਕਮੇਟੀ ਉਸ ਵਕੀਲ ਤੇ ਪਰਿਵਾਰ ਦਾ ਸਨਮਾਨ ਕਰੇਗੀ ਕਿਉਂਕਿ ਹੁਣ ਤੱਕ ਦਿੱਲੀ ਕਮੇਟੀ ਨੇ ਉਨ੍ਹਾਂ ਵਕੀਲਾਂ ਤੇ ਪਰਿਵਾਰਾਂ ਦਾ ਹੀ ਸਨਮਾਨ ਕੀਤਾ ਹੈ ਜੋ ਇਸ ਕਮੇਟੀ ਰਾਹੀਂ ਕਿਸਾਨਾਂ ਲਈ ਜ਼ਮਾਨਤਾਂ ਦਾ ਕੰਮ ਕਰ ਰਹੇ ਸਨ।