ਨਵੀਂ ਦਿੱਲੀ, 2 ਅਗਸਤ
ਦਿੱਲੀ ਮਹਿਲਾ ਕਮਿਸ਼ਨ ਨੇ ਮੈਟਰੀਮੋਨੀਅਲ ਸਾਈਟਾਂ ’ਤੇ ਇਸ਼ਤਿਹਾਰ ਦੇ ਕੇ ਔਰਤਾਂ ਨਾਲ ਧੋਖਾਧੜੀ ਕਰਨ ਦੀਆਂ ਸ਼ਿਕਾਇਤਾਂ ਦਾ ਪਤਾ ਚੱਲਣ ’ਤੇ ਅਜਿਹੀਆਂ ਤਿੰਨ ਸਾਈਟਾਂ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਉਨ੍ਹਾਂ ਤੋਂ 12 ਅਗਸਤ ਤਕ ਜਵਾਬ ਮੰਗਿਆ ਹੈ। ਕਮਿਸ਼ਨ ਨੇ ਕਿਹਾ ਹੈ ਕਿ ਦਿੱਲੀ ਵਿੱਚ ਇਕ ਕੇਸ ਦਰਜ ਹੋਇਆ ਹੈ ਜਿਸ ਵਿੱਚ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਇਨ੍ਹਾਂ ਸਾਈਟਾਂ ’ਤੇ ਫਰਜ਼ੀ ਪ੍ਰੌਫਾਈਲ ਬਣਾ ਕੇ ਵਿਆਹ ਦੀ ਤਜਵੀਜ਼ ਦਿੱਤੀ ਤੇ 100 ਦੇ ਕਰੀਬ ਔਰਤਾਂ ਦੀ ਲੁੱਟ ਕੀਤੀ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਉੜੀਸਾ ਦਾ ਹੈ, ਜਿਥੇ ਇਕ ਵਿਅਕਤੀ ਨੇ ਬੀਤੇ ਕੁਝ ਸਾਲਾਂ ਵਿੱਚ ਇਸੇ ਤਰੀਕੇ ਨਾਲ 27 ਔਰਤਾਂ ਨਾਲ ਵਿਆਹ ਕੀਤਾ। ਕਮਿਸ਼ਨ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਆਰੰਭ ਦਿੱਤੀ ਹੈ। ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਜੀਵਨਸਾਥੀ ਡਾਟ ਕਾਮ, ਸ਼ਾਦੀ ਡਾਟ ਕਾਮ ਅਤੇ ਭਾਰਤਮੈਟਰੀਮੋਨੀ ਡਾਟ ਕਾਮ ਨੂੰ ਨੋਟਿਸ ਦਿੱਤਾ ਹੈ। -ਏਜੰਸੀ