ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ ਦੀਆਂ ਉੱਤਰੀ ਭਾਰਤ ਲਈ ਮੌਨਸੂਨ ਸਬੰਧੀ ਪੇਸ਼ੀਨਗੋਈਆਂ ਦੇ ਸਹੀ ਨਾ ਹੋਣ ਪਿੱਛੇ ਮਾਡਲਜ਼ ਵੱਲੋ ਭੇਜੇ ਗਏ ਗਲਤ ਸਿਗਨਲ, ਪੂਰਬੀ ਤੇ ਪੱਛਮੀ ਹਵਾਵਾਂ ਵਿਚਾਲੇ ਸੰਪਰਕ ਦੇ ਨਤੀਜਿਆਂ ਦਾ ਅਨੁਮਾਨ ਲਾਉਣ ’ਚ ਮੁਸ਼ਕਿਲ ਆਦਿ ਕੁਝ ਅਹਿਮ ਕਾਰਨ ਹਨ। ਮਾਹਿਰਾਂ ਨੇ ਇਸ ਖੇਤਰ ਨੂੰ ਗਰਮੀ ਤੋਂ ਰਾਹਤ ਨਾ ਮਿਲਣ ’ਤੇ ਇਨ੍ਹਾਂ ਕਾਰਨਾਂ ਵੱਲ ਇਸ਼ਾਰਾ ਕੀਤਾ ਹੈ। ਦੱਖਣ-ਪੱਛਮੀ ਮੌਨਸੂਨ ਦੇਸ਼ ਦੇ ਤਕਰੀਬਨ ਸਾਰੇ ਹਿੱਸਿਆਂ ’ਚ ਪਹੁੰਚ ਗਿਆ ਹੈ ਪਰ ਉੱਤਰੀ ਭਾਰਤ ’ਚ ਅਜੇ ਤੱਕ ਇਸ ਨੇ ਦਸਤਕ ਨਹੀਂ ਦਿੱਤੀ ਹੈ। ਦਿੱਲੀ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਅਤੇ ਪੱਛਮੀ ਰਾਜਸਥਾਨ ’ਚ ਅਜੇ ਤੱਕ ਮੌਨਸੂਨ ਨਹੀਂ ਆਇਆ ਹੈ। ਆਈਐੱਮਡੀ ਨੇ ਇੱਕ ਮਹੀਨਾ ਪਹਿਲਾਂ ਅਨੁਮਾਨ ਜ਼ਾਹਿਰ ਕੀਤਾ ਸੀ ਕਿ ਮੌਨਸੂਨ ਜੂਨ ਤੱਕ ਇਨ੍ਹਾਂ ਹਿੱਸਿਆਂ ’ਚ ਪਹੁੰਚ ਜਾਵੇਗਾ ਪਰ ਉਸ ਦੀ ਭਵਿੱਖਬਾਣੀ ਅਜੇ ਤੱਕ ਸਹੀ ਸਾਬਿਤ ਨਹੀਂ ਹੋਈ ਹੈ। ਆਈਐੱਮਡੀ ਨੇ 13 ਜੂਨ ਨੂੰ ਪੇਸ਼ੀਨਗੋਈ ਕੀਤੀ ਸੀ ਕਿ ਮੌਨਸੂਨ 15 ਜੂਨ ਤੱਕ ਦਿੱਲੀ ਪਹੁੰਚ ਜਾਵੇਗਾ ਪਰ ਇਸ ਤੋਂ ਇੱਕ ਦਿਨ ਬਾਅਦ ਉਸ ਨੇ ਕਿਹਾ ਕਿ ਇਸ ਖੇਤਰ ’ਚ ਮੌਨਸੂਨ ਦੇ ਆਉਣ ਲਈ ਹਾਲਾਤ ਢੁੱਕਵੇਂ ਨਹੀਂ ਹਨ। ਆਈਐੱਮਡੀ ਨੇ ਇੱਕ ਜੁਲਾਈ ਨੂੰ ਕਿਹਾ ਸੀ ਕਿ ਸੱਤ ਜੁਲਾਈ ਤੱਕ ਮੌਨਸੂਨ ਦੇ ਪਹੁੰਚਣ ਲਈ ਹਾਲਾਤ ਢੁੱਕਵੇਂ ਹੋ ਸਕਦੇ ਹਨ। ਪੰਜ ਜੁਲਾਈ ਨੂੰ ਵਿਭਾਗ ਨੇ ਫਿਰ ਕਿਹਾ ਕਿ ਮੌਨਸੂਨ 10 ਜੁਲਾਈ ਤੱਕ ਪੰਜਾਬ ਤੇ ਉੱਤਰੀ ਹਰਿਆਣਾ ਦੇ ਨਾਲ ਉੱਤਰ-ਪੱਛਮੀ ਭਾਰਤ ’ਚ ਆ ਸਕਦਾ ਹੈ। ਹਾਲਾਂਕਿ 10 ਜੁਲਾਈ ਤੱਕ ਵੀ ਕੋਈ ਰਾਹਤ ਦੇ ਸੰਕੇਤ ਨਹੀਂ ਮਿਲੇ। ਭੂ ਵਿਗਿਆਨ ਮੰਤਰਾਲੇ ਦੇ ਸਕੱਤਰ ਐੱਮ ਰਾਜੀਵਨ ਨੇ ਕਿਹਾ ਕਿ ਪੇਸ਼ੀਨਗੋਈ ਮਾਡਲਜ਼ ਨੇ ਗਲਤ ਸਿਗਨਲ ਦਿੱਤੇ। ਉਨ੍ਹਾਂ ਕਿਹਾ, ‘ਮਾਡਲਜ਼ ਨੇ ਮੌਨਸੂਨ ਦੀਆਂ ਕੁਝ ਘਟਨਾਵਾਂ ਨੂੰ ਸਹੀ ਢੰਗ ਨਾਲ ਫੜਿਆ ਪਰ ਜਦੋਂ ਕੇਰਲਾ ’ਚ ਮੌਨਸੂਨ ਜਾਂ ਉੱਤਰੀ ਭਾਰਤ ’ਚ ਮੀਂਹ ਵਰਗੀਆਂ ਸਥਾਨਕ ਪੇਸ਼ੀਨਗੋਈਆਂ ਦੀ ਗੱਲ ਆਉਂਦੀ ਹੈ ਤਾਂ ਇਸ ’ਚ ਕੁਝ ਦਿੱਕਤ ਹੈ।’ -ਪੀਟੀਆਈ