ਨਵੀਂ ਦਿੱਲੀ, 9 ਦਸੰਬਰ
ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਦੇ ਸਬੰਧ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਲੋਕ ਸਭਾ ਵਿਚ ਦੱਸਿਆ ਕਿ ਤਿੰਨਾਂ ਸੈਨਾਵਾਂ ਦੀ ਟੀਮ ਨੇ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਦੀ ਅਗਵਾਈ ‘ਚ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸ੍ਰੀ ਰਾਜਨਾਥ ਸਿੰਘ ਨੇ ਆਪਣੇ ਬਿਆਨ ‘ਚ ਕਿਹਾ, ‘ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਬੁੱਧਵਾਰ ਨੂੰ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਪਹਿਲਾਂ ਤੋਂ ਤੈਅ ਦੌਰੇ ‘ਤੇ ਸਨ। ਜਨਰਲ ਰਾਵਤ ਨੇ ਆਪਣੀ ਪਤਨੀ ਅਤੇ 12 ਹੋਰਾਂ ਨਾਲ ਸਵੇਰੇ 11:48 ‘ਤੇ ਸੁਲੂਰ ਤੋਂ ਐੱਮਆਈ-17 ਵੀ5 ਹੈਲੀਕਾਪਟਰ ‘ਚ ਵੈਲਿੰਗਟਨ ਲਈ ਉਡਾਣ ਭਰੀ ਅਤੇ ਬਾਅਦ ਦੁਪਹਿਰ 12.15 ‘ਤੇ ਵੈਲਿੰਗਟਨ ਉਤਰਨਾ ਸੀ। ਸੁਲੂਰ ਏਅਰ ਟਰੈਫਿਕ ਕੰਟਰੋਲਰ ਦਾ ਬਾਅਦ ਦੁਪਹਿਰ 12.08 ਵਜੇ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ। ਬਾਅਦ ‘ਚ ਸਥਾਨਕ ਲੋਕਾਂ ਨੇ ਕੁਨੂਰ ਨੇੜੇ ਜੰਗਲ ‘ਚ ਅੱਗ ਦੇਖੀ। ਮੌਕੇ ‘ਤੇ ਜਾ ਕੇ ਉਨ੍ਹਾਂ ਨੇ ਹੈਲੀਕਾਪਟਰ ਨੂੰ ਅੱਗ ਦੀ ਲਪੇਟ ‘ਚ ਦੇਖਿਆ।