ਨਵੀਂ ਦਿੱਲੀ, 9 ਜੁਲਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕਿਆਂ ’ਚ ਬਣਾਏ ਗਏ ਛੇ ਪੁਲਾਂ ਦਾ ਅੱਜ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਐੱਨਡੀਏ ਸਰਕਾਰ ਵੱਲੋਂ ਖਿੱਤੇ ਦੇ ਦੂਰ-ਦੁਰਾਡੇ ਇਲਾਕਿਆਂ ’ਚ ਵਿਕਾਸ ਨੂੰ ਤਰਜੀਹ ਦਿੱਤੀ ਜਾਂਦੀ ਰਹੇਗੀ। ਰੱਖਿਆ ਮੰਤਰੀ ਨੇ ਪੁਲਾਂ ਦਾ ਉਦਘਾਟਨ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ। ਇਸ ਮੌਕੇ ਥਲ ਸੈਨਾ ਮੁਖੀ ਜਨਰਲ ਐੱਮ ਐੱਮ ਨਰਵਾਣੇ, ਰੱਖਿਆ ਸਕੱਤਰ ਅਜੈ ਕੁਮਾਰ, ਸੀਮਾ ਸੜਕ ਸੰਗਠਨ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਹਰਪਾਲ ਸਿੰਘ ਆਦਿ ਅਧਿਕਾਰੀ ਮੌਜੂਦ ਸਨ। ਰੱਖਿਆ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਚਾਰ ਪੁਲ ਅਖਨੂਰ ’ਚ ਅਖਨੂਰ-ਪੱਲਾਂਵਾਲਾ ਸੜਕ ਜਦਕਿ ਦੋ ਹੋਰ ਪੁਲ ਕਠੂਆ ਜ਼ਿਲ੍ਹੇ ’ਚ ਤਰਨਾਹ ਨਾਲੇ ’ਤੇ ਬਣਾਏ ਗਏ ਹਨ। ਇਨ੍ਹਾਂ ਪੁਲਾਂ ਦੀ ਉਸਾਰੀ ’ਤੇ 43 ਕਰੋੜ ਰੁਪਏ ਦੀ ਲਾਗਤ ਆਈ ਹੈ। ਪੁਲਾਂ ਦਾ ਉਦਘਾਟਨ ਉਸ ਸਮੇਂ ਹੋਇਆ ਹੈ ਜਦੋਂ ਪੂਰਬੀ ਲੱਦਾਖ ’ਚ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਸਿਖਰਾਂ ’ਤੇ ਹੈ। ਸ੍ਰੀ ਰਾਜਨਾਥ ਸਿੰਘ ਨੇ ਆਪਣੇ ਸੰਖੇਪ ਭਾਸ਼ਨ ’ਚ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਅਤੇ ਹਥਿਆਰਬੰਦ ਬਲਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਕਈ ਹੋਰ ਵਿਕਾਸ ਕਾਰਜ ਲਾਈਨ ’ਚ ਹਨ ਜਿਨ੍ਹਾਂ ਦਾ ਢੁੱਕਵੇਂ ਸਮੇਂ ’ਤੇ ਐਲਾਨ ਕੀਤਾ ਜਾਵੇਗਾ। ਪੁਲਾਂ ਦੇ ਰਿਕਾਰਡ ਸਮੇਂ ਅੰਦਰ ਨਿਰਮਾਣ ਲਈ ਉਨ੍ਹਾਂ ਬੀਆਰਓ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੀਆਰਓ ਨੂੰ ਵਸੀਲਿਆਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
-ਪੀਟੀਆਈ