ਮੁੰਬਈ, 22 ਨਵੰਬਰ
ਬੰਬੇ ਹਾਈ ਕੋਰਟ ਨੇ ਸਥਾਨਕ ਅਦਾਲਤ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਰਜ ਮਾਣਹਾਨੀ ਸ਼ਿਕਾਇਤ ’ਤੇ ਸੁਣਵਾਈ 20 ਦਸੰਬਰ ਤੋਂ ਅੱਗੇ ਪਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਨਿਰਦੇਸ਼ਾਂ ਦਾ ਮਤਲਬ ਹੈ ਕਿ ਕਾਂਗਰਸ ਆਗੂ ਨੂੰ ਸਥਾਨਕ ਅਦਾਲਤ ’ਚ 25 ਨਵੰਬਰ ਨੂੰ ਪੇਸ਼ ਹੋਣ ਦੀ ਲੋੜ ਨਹੀਂ ਹੈ। ਰਾਹੁਲ ਨੂੰ ਸਥਾਨਕ ਅਦਾਲਤ ਨੇ ਭਾਜਪਾ ਆਗੂ ਮਹੇਸ਼ ਸ੍ਰੀਸ੍ਰੀਮਲ ਵੱਲੋਂ ਦਾਖ਼ਲ ਮਾਣਹਾਨੀ ਸ਼ਿਕਾਇਤ ’ਤੇ 25 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ।
ਕਾਂਗਰਸ ਆਗੂ ਵੱਲੋਂ ਰਾਫ਼ਾਲ ਜੈੱਟ ਸੌਦੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ‘ਚੋਰਾਂ ਦੇ ਸਰਦਾਰ’ ਵਾਲੀ ਕੀਤੀ ਗਈ ਕਥਿਤ ਟਿੱਪਣੀ ਖ਼ਿਲਾਫ਼ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ। ਰਾਹੁਲ ਨੇ ਇਸ ਕੇਸ ’ਚ ਉਸ ਨੂੰ ਜਾਰੀ ਸੰਮਨਾਂ ਖ਼ਿਲਾਫ਼ ਹਾਈ ਕੋਰਟ ਦਾ ਰੁਖ ਕੀਤਾ ਸੀ। ਕਾਂਗਰਸ ਦੇ ਸੰਸਦ ਮੈਂਬਰ ਦੀ ਅਰਜ਼ੀ ’ਤੇ ਅੱਜ ਜਦੋਂ ਇਕਹਿਰੇ ਬੈਂਚ ਵੱਲੋਂ ਸੁਣਵਾਈ ਕੀਤੀ ਗਈ ਤਾਂ ਭਾਜਪਾ ਆਗੂ ਦੇ ਵਕੀਲ ਨੇ ਹਲਫ਼ਨਾਮੇ ਦੇ ਰੂਪ ’ਚ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ। ਰਾਹੁਲ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ’ਤੇ ਇਤਰਾਜ਼ ਨਹੀਂ ਹੈ ਪਰ ਉਦੋਂ ਤੱਕ ਮੈਜਿਸਟਰੇਟ ਅੱਗੇ ਕਾਰਵਾਈ ਜਾਰੀ ਨਹੀਂ ਰਹਿ ਸਕਦੀ ਹੈ। ਇਸ ’ਤੇ ਹਾਈ ਕੋਰਟ ਨੇ ਪਟੀਸ਼ਨ ’ਤੇ ਸੁਣਵਾਈ 16 ਦਸੰਬਰ ਲਈ ਨਿਰਧਾਰਿਤ ਕਰ ਦਿੱਤੀ। ਬੈਂਚ ਨੇ ਕਿਹਾ ਕਿ ਇਸ ਦੌਰਾਨ ਮੈਟਰੋਪਾਲਿਟਨ ਮੈਜਿਸਟਰੇਟ ਸ਼ਿਕਾਇਤ ’ਤੇ ਕਾਰਵਾਈ 20 ਦਸੰਬਰ ਤੋਂ ਅੱਗੇ ਤੱਕ ਲਈ ਮੁਲਤਵੀ ਕਰ ਦੇਣ। -ਪੀਟੀਆਈ