ਸੂਰਤ, 29 ਅਕਤੂਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਮੋਦੀ ਉਪਨਾਮ’ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਲਈ ਦਰਜ ਅਪਰਾਧਿਕ ਮਾਣਹਾਨੀ ਕੇਸ ਵਿੱਚ ਅੱਜ ਸੂਰਤ ਦੀ ਕੋਰਟ ਵਿੱਚ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ। ਕੋਰਟ ਨੇ 26 ਅਕਤੂਬਰ ਨੂੰ ਕੀਤੇ ਹੁਕਮਾਂ ਵਿੱਚ ਰਾਹੁਲ ਗਾਂਧੀ ਨੂੰ ਅੱਜ 29 ਅਕਤੂਬਰ ਨੂੰ ਸ਼ਾਮ 3 ਤੋਂ 6 ਵਜੇ ਦਰਮਿਆਨ ਪੇਸ਼ ਹੋਣ ਦੀ ਹਦਾਇਤ ਕੀਤੀ ਸੀ। ਸਾਬਕਾ ਕਾਂਗਰਸ ਪ੍ਰਧਾਨ ਅੱਜ ਦੁਪਹਿਰੇ ਸੂਰਤ ਹਵਾਈ ਅੱਡੇ ’ਤੇ ਪੁੱਜ ਗਏ ਸਨ। ਸੂਰਤ ਤੋਂ ਭਾਜਪਾ ਵਿਧਾਇਕ ਪੁਰਨੇਸ਼ ਮੋਦੀ ਨੇ ਅਪਰੈਲ 2019 ਵਿੱਚ ਰਾਹੁਲ ਗਾਂਧੀ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 499 ਤੇ 500 ਤਹਿਤ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ। ਰਾਹੁਲ ਨੇ 2019 ਵਿੱਚ ਇਕ ਚੋਣ ਰੈਲੀ ਦੌਰਾਨ ਕਿਹਾ ਸੀ ਕਿ ‘ਸਾਰੇ ਚੋਰਾਂ ਦਾ ਇਕ ਸਾਂਝਾ ਉਪਨਾਮ ਮੋਦੀ ਕਿਵੇਂ ਹੋ ਸਕਦਾ ਹੈ?’ ਪੁਰਨੇਸ਼ ਮੋਦੀ ਇਸ ਵੇਲੇ ਮੁੱਖ ਮੰਤਰੀ ਭੁਪੇਂਦਰ ਪਟੇਲ ਦੀ ਸਰਕਾਰ ਵਿੱਚ ਰੋਡ, ਟਰਾਂਸਪੋਰਟ, ਸ਼ਹਿਰੀ ਹਵਾਬਾਜ਼ੀ ਤੇ ਸੈਰ-ਸਪਾਟਾ ਮੰਤਰੀ ਹੈ। -ਪੀਟੀਆਈ