ਸੂਰਤ, 24 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਇਥੇ ਅਦਾਲਤ ’ਚ ਪੇਸ਼ ਹੋਏ ਅਤੇ ਆਪਣੇ ਖ਼ਿਲਾਫ਼ ਗੁਜਰਾਤ ਦੇ ਵਿਧਾਇਕ ਵੱਲੋਂ ਦਾਖ਼ਲ ਅਪਰਾਧਿਕ ਮਾਣਹਾਨੀ ਕੇਸ ’ਚ ਬਿਆਨ ਦਰਜ ਕਰਵਾਏ। ਉਨ੍ਹਾਂ ‘ਮੋਦੀ’ ਉਪ ਨਾਮ ਵਾਲੇ ਵਿਅਕਤੀਆਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੇ ਹੋਣ ਤੋਂ ਇਨਕਾਰ ਕੀਤਾ ਹੈ। ਮਾਣਹਾਨੀ ਦਾ ਕੇਸ ਸੂਰਤ ਤੋਂ ਭਾਜਪਾ ਵਿਧਾਇਕ ਪੁਰਨੇਸ਼ ਮੋਦੀ ਵੱਲੋਂ ਦਾਇਰ ਕੀਤਾ ਗਿਆ ਹੈ। ਸੂਰਤ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਏ ਐੱਨ ਦਵੇ ਅੱਗੇ ਬਿਆਨ ਦਰਜ ਕਰਵਾਉਂਦਿਆਂ ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਰਨਾਟਕ ਦੇ ਕੋਲਾਰ ’ਚ ਰੈਲੀ ’ਚ ਸਾਰੇ ਮੋਦੀ ਉਪ ਨਾਮ ਵਾਲੇ ਵਿਅਕਤੀਆਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੇ ਜਾਣ ਤੋਂ ਇਨਕਾਰ ਕੀਤਾ। ਮੈਜਿਸਟਰੇਟ ਨੇ ਰਾਹੁਲ ਤੋਂ ਪੁੱਛਿਆ ਕਿ ਕੀ ਉਸ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਅਤਕਾਰ ਨੂੰ 30 ਕਰੋੜ ਰੁਪਏ ਦਿੱਤੇ ਸਨ ਤਾਂ ਕਾਂਗਰਸ ਆਗੂ ਨੇ ਅਦਾਲਤ ਨੂੰ ਦੱਸਿਆ ਕਿ ਕੌਮੀ ਆਗੂ ਹੋਣ ਕਾਰਨ ਉਹ ਦੇਸ਼ ਹਿੱਤ ’ਚ ਆਪਣੇ ਭਾਸ਼ਨਾਂ ਦੌਰਾਨ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਜਿਹੇ ਮੁੱਦੇ ਉਠਾਉਂਦੇ ਰਹਿੰਦੇ ਹਨ ਅਤੇ ਅਜਿਹਾ ਕਰਨਾ ਉਨ੍ਹਾਂ ਦਾ ਹੱਕ ਹੈ। ਮੋਦੀ ਉਪ ਨਾਮ ਵਾਲੇ ਲੋਕਾਂ ਦੇ ਚੋਰ ਹੋਣ ਦੇ ਬਿਆਨ ਬਾਰੇ ਰਾਹੁਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਜਿਹੇ ਸ਼ਬਦ ਕਦੇ ਵੀ ਨਹੀਂ ਵਰਤੇ ਹਨ। ਬਾਕੀ ਹੋਰ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ‘ਮੈਨੂੰ ਕੁਝ ਪਤਾ ਨਹੀਂ’ ਹੈ। ਉਨ੍ਹਾਂ ਦੇ ਬਿਆਨ ਦਰਜ ਕਰਨ ਮਗਰੋਂ ਮੈਜਿਸਟਰੇਟ ਨੇ ਕੇਸ ਦੀ ਅਗਲੀ ਸੁਣਵਾਈ 12 ਜੁਲਾਈ ਲਈ ਨਿਰਧਾਰਿਤ ਕਰ ਦਿੱਤੀ। ਇਸ ਤੋਂ ਪਹਿਲਾਂ ਰਾਹੁਲ ਅਕਤੂਬਰ 2019 ’ਚ ਅਦਾਲਤ ਅੱਗੇ ਪੇਸ਼ ਹੋਏ ਸਨ ਅਤੇ ਉਨ੍ਹਾਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਉਧਰ ਪੁਰਨੇਸ਼ ਮੋਦੀ ਨੇ ਕੋਲਾਰ ਦੇ ਜ਼ਿਲ੍ਹਾ ਕੁਲੈਕਟਰ ਅਤੇ ਵੀਡੀਓਗ੍ਰਾਫਰ ਦੇ ਬਿਆਨ ਦਰਜ ਕਰਾਉਣ ਲਈ ਗੁਜਰਾਤ ਹਾਈ ਕੋਰਟ ਦਾ ਰੁਖ ਕੀਤਾ ਹੈ। ਹਾਈ ਕੋਰਟ ਵੱਲੋਂ ਸੋਮਵਾਰ ਨੂੰ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ। -ਪੀਟੀਆਈ