ਗੁਹਾਟੀ, 23 ਅਗਸਤ
ਅਸਾਮ ਦੀ ਇੱਕ ਅਦਾਲਤ ਨੇ ਮਾਣਹਾਨੀ ਦੇ ਇੱਕ ਕੇਸ ਵਿੱਚ ਨਾਮਜ਼ਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅੱਜ ਸੰਮਨ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ 29 ਸਤੰਬਰ ਤੱਕ ਨਿੱਜੀ ਤੌਰ ’ਤੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਵੱਲੋਂ ਇਹ ਕੇਸ ਦਰਜ ਕਰਵਾਇਆ ਗਿਆ ਸੀ। ਕਾਮਰੂਪ ਦੇ ਚੀਫ ਜੁਡੀਸ਼ੀਲ ਮੈਜਿਸਟ੍ਰੇਟ ਮੋਨਮੀ ਸ਼ਰਮਾ ਨੇ ਮੁੱਖ ਮੰਤਰੀ ਹਿਮੰਤਾ ਸ਼ਰਮਾ ਖ਼ਿਲਾਫ਼ ਕਥਿਤ ਅਪਮਾਨਜਨਕ ਬਿਆਨ ਦੇਣ ਲਈ ਸਿਸੋਦੀਆ ਨੂੰ ਸੰਮਨ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿਸੋਦੀਆ ਨੇ ਕੌਮੀ ਰਾਜਧਾਨੀ ਵਿੱਚ 4 ਜੂਨ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਅਸਾਮ ਸਰਕਾਰ ਨੂੰ ਹੋਰ ਕੰਪਨੀਆਂ ਤੋਂ ਜਿਹੜੀ ਪੀਪੀਈ ਕਿੱਟ 600 ਰੁਪਏ ਦੀ ਮਿਲ ਰਹੀ ਸੀ, ਮੁੱਖ ਮੰਤਰੀ ਸ਼ਰਮਾ ਨੇ ਆਪਣੀ ਪਤਨੀ ਅਤੇ ਪੁੱਤਰ ਦੀਆਂ ਭਾਈਵਾਲ ਵਾਲੀਆਂ ਕੰਪਨੀਆਂ ਤੋਂ ਇਹ 990 ਰੁਪਏ ਪ੍ਰਤੀ ਕਿੱਟ ਸਪਲਾਈ ਕਰਨ ਦੇ ਫੌਰੀ ਆਦੇਸ਼ ਦਿੱਤੇ ਸਨ।