ਮੁੰਬਈ, 20 ਸਤੰਬਰ
ਅਭਿਨੇਤਰੀ ਕੰਗਨਾ ਰਣੌਤ ਗੀਤਕਾਰ ਜਾਵੇਦ ਅਖ਼ਤਰ ਵੱਲੋਂ ਉਸ ਖ਼ਿਲਾਫ਼ ਦਾਇਰ ਅਪਰਾਧਕ ਮਾਣਹਾਨੀ ਦੇ ਮਾਮਲੇ ਵਿਚ ਅੱਜ ਮੁੰਬਈ ਦੀ ਅਦਾਲਤ ਵਿਚ ਪੇਸ਼ ਹੋਈ। ਅਦਾਕਾਰਾ ਨੇ ਕਿਹਾ ਕਿ ਉਸ ਦਾ ਮੈਜਿਸਟਰੇਟ ਦੀ ਅਦਾਲਤ ਉਤੇ ‘ਭਰੋਸਾ’ ਨਹੀਂ ਰਿਹਾ ਕਿਉਂਕਿ ਅਦਾਲਤ ਨੇ ਜ਼ਮਾਨਤੀ ਅਪਰਾਧ ਦੇ ਮਾਮਲੇ ਵਿਚ ਪੇਸ਼ ਨਾ ਹੋਣ ਉਤੇ ਉਸ ਖ਼ਿਲਾਫ਼ ਵਾਰੰਟ ਜਾਰੀ ਕਰਨ ਦੀ ਸਿੱਧੇ ਰੂਪ ਵਿਚ ‘ਧਮਕੀ’ ਦਿੱਤੀ। ਰਣੌਤ ਨੇ ਅਖ਼ਤਰ ਦੀ ਸ਼ਿਕਾਇਤ ਦੇ ਜਵਾਬ ਵਿਚ ਗੀਤਕਾਰ ਵਿਰੁੱਧ ‘ਜਬਰੀ ਵਸੂਲੀ ਤੇ ਅਪਰਾਧਕ ਧਮਕੀ’ ਦਾ ਦੋਸ਼ ਲਾਉਂਦਿਆਂ ਪਟੀਸ਼ਨ ਵੀ ਦਾਇਰ ਕੀਤੀ ਹੈ। ਰਣੌਤ ਨੇ ਦੋਸ਼ ਲਾਇਆ ਕਿ ਅਖ਼ਤਰ ਨੇ ਉਸ ਨੂੰ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਘਰ ਸੱਦ ਕੇ ‘ਧਮਕਾਇਆ ਤੇ ਡਰਾਇਆ’ ਸੀ। ਰਣੌਤ ਨੇ ਕਿਹਾ ਕਿ ਅਖ਼ਤਰ ਨੇ ਉਸ ਉਤੇ ਅਦਾਕਾਰ ਰਿਤਿਕ ਰੌਸ਼ਨ ਤੋਂ ਮੁਆਫ਼ੀ ਮੰਗਣ ਲਈ ਦਬਾਅ ਬਣਾਇਆ ਤੇ ਕਿਹਾ ਕਿ ਜੇ ਉਹ ਅਜਿਹਾ ਨਹੀਂ ਕਰੇਗੀ ਤਾਂ ਅਦਾਕਾਰ ਦਾ ਤਾਕਤਵਰ ਪਰਿਵਾਰ ਉਸ ਨੂੰ ਜੇਲ੍ਹ ਭੇਜੇਗਾ। ਜ਼ਿਕਰਯੋਗ ਹੈ ਕਿ ਕੰਗਨਾ ਨੇ ਅਦਾਕਾਰ ਰਿਤਿਕ ਰੌਸ਼ਨ ਉਤੇ ਵੀ ਗੰਭੀਰ ਦੋਸ਼ ਲਾਏ ਸਨ। ਕੰਗਨਾ ਦੇ ਵਕੀਲ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਮੁੱਖ ਮੈਟਰੋਪੌਲਿਟਨ ਮੈਜਿਸਟਰੇਟ ਅੱਗੇ ਇਕ ਅਰਜ਼ੀ ਦਾਇਰ ਕੀਤੀ ਸੀ ਜਿਸ ਵਿਚ ਸ਼ਿਕਾਇਤ ਦੀ ਸੁਣਵਾਈ ਕਿਸੇ ਹੋਰ ਅਦਾਲਤ ਵਿਚ ਬਦਲਣ ਦੀ ਅਪੀਲ ਕੀਤੀ ਗਈ ਸੀ। ਅਦਾਲਤ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜੇਕਰ ਅਦਾਕਾਰਾ ਸੁਣਵਾਈ ਦੀ ਅਗਲੀ ਤਰੀਕ 20 ਸਤੰਬਰ ਨੂੰ ਪੇਸ਼ ਨਹੀਂ ਹੁੰਦੀ ਹੈ ਤਾਂ ਵਾਰੰਟ ਜਾਰੀ ਕੀਤੇ ਜਾਣਗੇ। ਇਸ ਸਾਲ ਫਰਵਰੀ ਵਿਚ ਸੰਮਨ ਜਾਰੀ ਹੋਣ ਤੋਂ ਬਾਅਦ ਰਣੌਤ ਪਹਿਲੀ ਵਾਰ ਅੱਜ ਅੰਧੇਰੀ ਮੈਟਰੋਪੌਲਿਟਨ ਮੈਜਿਸਟਰੇਟ ਆਰ.ਆਰ. ਖਾਨ ਦੇ ਅੱਗੇ ਪੇਸ਼ ਹੋਈ ਤੇ ਜ਼ਮਾਨਤ ਲਈ ਜ਼ਰੂਰੀ ਕਾਰਵਾਈ ਪੂਰੀ ਕੀਤੀ। ਅਦਾਕਾਰਾ ਦੇ ਵਕੀਲ ਰਿਜ਼ਵਾਨ ਸਿਦੀਕੀ ਨੇ ਅਦਾਲਤ ਵਿਚ ਕਿਹਾ ਕਿ ਰਣੌਤ ਇਸ ਅਦਾਲਤ (ਸ਼ਿਕਾਇਤ ਦੇ ਸਬੰਧ ’ਚ) ਦੇ ਨਾਲ ਅੱਗੇ ਨਹੀਂ ਵਧਣਾ ਚਾਹੁੰਦੀ ਹੈ। ਸਿੱਦੀਕੀ ਨੇ ਕਿਹਾ ਕਿ ਉਨ੍ਹਾਂ ਦਾ ‘ਇਸ ਅਦਾਲਤ ਵਿਚ ਭਰੋਸਾ ਨਹੀਂ ਰਿਹਾ ਤੇ ਅਜਿਹਾ ਲੱਗਦਾ ਹੈ ਕਿ ਅਦਾਲਤ ਮਾਮਲੇ ਵਿਚ ਪੱਖਪਾਤੀ ਰਵੱਈਆ ਅਪਣਾ ਰਹੀ ਹੈ।’ ਅਦਾਲਤ ਮਾਮਲੇ ਦੀ ਅਗਲੀ ਸੁਣਵਾਈ 15 ਨਵੰਬਰ ਨੂੰ ਕਰੇਗੀ। ਅਖ਼ਤਰ (76) ਨੇ ਪਿਛਲੇ ਸਾਲ ਨਵੰਬਰ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਰਣੌਤ ਨੇ ਉਨ੍ਹਾਂ ਵਿਰੁੱਧ ਅਪਮਾਨਜਨਕ ਬਿਆਨ ਦਿੱਤਾ ਸੀ। -ਪੀਟੀਆਈ