ਮੁੰਬਈ, 26 ਫਰਵਰੀ
ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨੂੰ ਇਥੇ ਖਾਰ ਇਲਾਕੇ ’ਚ ਇਕ ਰੈਸਤਰਾਂ ’ਚੋਂ ਬਾਹਰ ਨਿਕਲਦਿਆਂ ਕੁਝ ਲੋਕਾਂ ਨੇ ਘੇਰ ਲਿਆ। ਇਹ ਘਟਨਾ ਵੀਰਵਾਰ ਦੇਰ ਰਾਤ ਵਾਪਰੀ, ਜਿਸ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਵਾਇਰਲ ਵੀਡੀਓ ਵਿੱਚ ਅਦਾਕਾਰਾ ਰੈਸਤਰਾਂ ’ਚੋਂ ਬਾਹਰ ਆਉਂਦੀ ਦਿਖਾਈ ਦਿੰਦੀ ਹੈ। ਜਿਵੇਂ ਦੀਪਿਕਾ ਬਾਹਰ ਆਉਂਦੀ ਹੈ ਤਾਂ ਕੁਝ ‘ਟਿਸ਼ੂ ਪੇਪਰ’ ਵੇਚਣ ਵਾਲੀਆਂ ਔਰਤਾਂ ਉਸ ਨੂੰ ਕੋਲ ਪਹੁੰਚ ਜਾਂਦੀਆਂ ਹਨ। ਉਹ ਔਰਤਾਂ ਅਦਾਕਾਰਾ ਨੂੰ ਧੱਕੇ ਨਾਲ ‘ਟਿਸ਼ੂ ਪੇਪਰ’ ਦੇਣ ਦੀ ਜ਼ਿੱਦ ’ਤੇ ਅੜ ਜਾਂਦੀਆਂ ਹਨ। ਇੰਨੇ ਨੂੰ ਭੀੜ ਅਦਾਕਾਰਾ ਦੇ ਦੁਆਲੇ ਇਕੱਠੀ ਹੋ ਜਾਂਦੀ ਹੈ। ਦੀਪਿਕਾ ਨੇ ਇਸ ਸਥਿਤੀ ’ਤੇ ਆਰਾਮ ਨਾਲ ਕਾਬੂ ਪਾ ਲਿਆ ਅਤੇ ਹੱਸਦੀ ਹੋਈ ਆਪਣੀ ਕਾਰ ਵੱਲ ਤੁਰ ਪਈ ਪਰ ਇੰਨੇ ਨੂੰ ਭੀੜ ’ਚੋਂ ਕਿਸੇ ਨੇ ਉਸ ਦਾ ਬਾਂਹ ਵਿਚ ਪਾਇਆ ਬੈਗ ਖਿੱਚ ਲਿਆ। ਜਿਉਂ ਬੈਗ ਝਪਟਿਆ ਤਾਂ ਦੀਪਿਕਾ ਇਹ ਕਹਿੰਦੀ ਸੁਣੀ ਗਈ,‘‘ਇਕ ਮਿੰਟ, ਇੱਕ ਮਿੰਟ ਅਤੇ ਉਹ ਬੇਵੱਸ ਨਜ਼ਰ ਆਈ।’’ ਦੀਪਿਕਾ ਦੇ ਸੁਰੱਖਿਆ ਕਰਮੀ ਨੇ ਤੁਰੰਤ ਮੁਲਜ਼ਮ ਕੋਲੋਂ ਬੈਗ ਖੋਹ ਕੇ ਮੁੜ ਅਦਾਕਾਰਾ ਨੂੰ ਕਾਰ ਵਿੱਚ ਫੜਾ ਦਿੱਤਾ ਅਤੇ ਆਖਿਆ ਕਿ ਆਪਣਾ ਜ਼ਰੂਰੀ ਸਾਮਾਨ ਚੈੱਕ ਕਰ ਲਓ ਕੁੱਝ ਗੁੰਮਿਆਂ ਤਾਂ ਨਹੀਂ। ਉਪਰੰਤ ਦੀਪਿਕਾ ਕਾਰ ਵਿਚੋਂ ਪੱਤਰਕਾਰਾਂ ਨੂੰ ਹੱਥ ਹਿਲਾਉਂਦੀ ਹੋਈ ਚਲੀ ਗਈ। -ਆਈਏਐੱਨਐੱਸ