ਨਵੀਂ ਦਿੱਲੀ, 14 ਸਤੰਬਰ
ਆਈਸੀਆਈਸੀਆਈ ਬੈਂਕ ਦੀ ਸਾਬਕਾ ਚੇਅਰਮੈਨ ਚੰਦਾ ਕੋਛੜ ਦਾ ਪਤੀ ਦੀਪਕ ਕੋਛੜ ਜਿਸ ਨੂੰ ਹਾਲ ਹੀ ਵਿੱਚ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਇਕ ਮਾਮਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਦੇ ਕਰੋਨਾਵਾਇਰਸ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਦੀਪਕ ਕੋਛੜ ਨੂੰ ਇੱਥੋਂ ਦੇ ਏਮਸ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਕਾਰੋਬਾਰੀ ਦੀਪਕ ਕੋਛੜ ਦੀ ਕਾਨੂੰਨ ਟੀਮ ਨੇ ਆਈਏਐੱਨਐੱਸ ਨੂੰ ਫੋਨ ’ਤੇ ਦਿੱਤੀ। ਉਸ ਦਾ ਵਕੀਲ ਵਿਜੈ ਅਗਰਵਾਲ ਜੋ ਐਤਵਾਰ ਨੂੰ ਉਸ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿੱਚ ਮਿਲਿਆ ਸੀ, ਨੇ ਵੀ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਇਕ ਵਿਸ਼ੇਸ਼ ਅਦਾਲਤ ਨੇ ਦੀਪਕ ਕੋਛੜ ਨੂੰ 11 ਦਿਨਾਂ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ’ਚ ਭੇਜ ਦਿੱਤਾ ਸੀ। -ਆਈਏਐੱਨਐੱਸ