ਨਵੀਂ ਦਿੱਲੀ (ਪੱਤਰ ਪ੍ਰੇਰਕ): ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਹੋਈ ਹਿੰਸਾ ਅਤੇ ਇਤਿਹਾਸਕ ਕਿਲੇ ਦੀ ਫਸੀਲ ਉਪਰ ਕੇਸਰੀ ਝੰਡਾ ਝੁਲਾਉਣ ਦੇ ਮਾਮਲੇ ’ਚ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਅਦਾਕਾਰ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਸੀ। ਦੀਪ ਸਿੱਧੂ ਖ਼ਿਲਾਫ਼ ਕਿਸਾਨ ਗਣਤੰਤਰ ਪਰੇਡ ਦੌਰਾਨ ਲਾਲ ਕਿਲੇ ਉਪਰ ਤਿਰੰਗੇ ਝੰਡੇ ਵਾਲੇ ਖੰਭੇ ’ਤੇ ਕੇਸਰੀ ਝੰਡਾ ਝੁਲਾਉਣ ਅਤੇ ਤਿਰੰਗੇ ਦਾ ਨਿਰਾਦਰ ਕਰਨ ਸਮੇਤ ਦੇਸ਼ਧ੍ਰੋਹ ਦੇ ਮਾਮਲੇ ਦਰਜ ਕੀਤੇ ਗਏ ਸਨ। ਪੁਲੀਸ ਨੇ ਦੀਪ ਸਿੱਧੂ ਨੂੰ ਇਥੋਂ ਦੀ ਅਦਾਲਤ ’ਚ ਪੇਸ਼ ਕਰਕੇ ਉਸ ਦਾ 7 ਦਿਨਾਂ ਦਾ ਰਿਮਾਂਡ ਲੈ ਲਿਆ ਹੈ। ਪੁਲੀਸ ਨੇ ਦੋਸ਼ ਲਾਇਆ ਹੈ ਕਿ ਦੀਪ ਸਿੱਧੂ ਲਾਲ ਕਿਲੇ ’ਤੇ ਹਿੰਸਾ ਭੜਕਾਉਣ ਦਾ ਮੁੱਖ ਸਾਜ਼ਿਸ਼ਕਾਰ ਹੈ ਜਿਸ ਮਗਰੋਂ ਮੈਟਰੋਪਾਲਿਟਨ ਮੈਜਿਸਟਰੇਟ ਨੇ ਉਸ ਨੂੰ ਪੁਲੀਸ ਹਿਰਾਸਤ ’ਚ ਭੇਜ ਦਿੱਤਾ। ਉਂਜ ਸਿੱਧੂ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਦਾ ਹਿੰਸਾ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ ਅਤੇ ਉਹ ਗਲਤ ਸਮੇਂ ’ਤੇ ਗਲਤ ਥਾਂ ਉਪਰ ਮੌਜੂਦ ਸੀ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਦੇ ਡੀਸੀਪੀ (ਵਿਸ਼ੇਸ਼ ਸੈੱਲ) ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਦੀਪ ਸਿੱਧੂ ਨੂੰ ਸੋਮਵਾਰ ਰਾਤ 10.40 ਵਜੇ ਕਰਨਾਲ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਲਾਲ ਕਿਲੇ ਵੱਲ ਜਾਣ ਲਈ ਭੀੜ ਨੂੰ ਭੜਕਾਉਣ ਦੇ ਮਾਮਲੇ ’ਚ ਦੀਪ ਸਿੱਧੂ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਅਪਰਾਧ ਸ਼ਾਖਾ ਉਸ ਦੀ ਕੇਸ ’ਚ ਭੂਮਿਕਾ ਬਾਰੇ ਵਿਸਥਾਰ ਨਾਲ ਜਾਂਚ ਕਰੇਗੀ। ਦਿੱਲੀ ਪੁਲੀਸ ਦੇ ਪੀਆਰਓ ਚਿਨਮਨਯ ਬਿਸਵਾਲ ਨੇ ਦੱਸਿਆ ਕਿ ਦੀਪ ਸਿੱਧੂ ਦੀ 26 ਜਨਵਰੀ ਨੂੰ ਲਾਲ ਕਿਲੇ ’ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਹਿੰਸਾ ਦੇ ਮਾਮਲੇ ’ਚ ਅਹਿਮ ਭੂਮਿਕਾ ਸੀ ਅਤੇ ਉਸ ਦੀਆਂ ਤਸਵੀਰਾਂ ਜਨਤਕ ਤੌਰ ’ਤੇ ਸਭ ਨੇ ਦੇਖੀਆਂ ਹਨ। ਸੂਤਰਾਂ ਮੁਤਾਬਕ ਉਹ ਬਿਹਾਰ ਦੇ ਪੂਰਨੀਆ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿੱਥੇ ਉਸ ਦੀ ਪਤਨੀ ਅਤੇ ਪਰਿਵਾਰ ਰਹਿੰਦਾ ਹੈ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਉਸ ਦੀ ਭਾਲ ’ਚ ਬਿਹਾਰ, ਮੁੰਬਈ, ਰਾਂਚੀ, ਹਿਮਾਚਲ ਅਤੇ ਪੰਜਾਬ ਦੇ ਕਈ ਸਥਾਨਾਂ ਉਪਰ ਛਾਪੇ ਮਾਰੇ ਸਨ। ਮੁੱਢਲੀ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਦੀਪ ਸਿੱਧੂ ਨੇ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਤੋਂ ਪਹਿਲਾਂ ਆਪਣੇ ਸਮਰਥਕਾਂ ਨਾਲ ਤੈਅਸ਼ੁਦਾ ਰੂਟ ਤੋਂ ਹਟ ਕੇ ਇੰਡੀਆ ਗੇਟ ਜਾਣ ਅਤੇ ਅਜਿਹਾ ਸੰਭਵ ਨਾ ਹੋਣ ’ਤੇ ਲਾਲ ਕਿਲੇ ਤੱਕ ਪੁੱਜਣ ਦੀ ਯੋਜਨਾ ਬਣਾਈ ਸੀ। ਉਸ ਦੇ ਸਮਰਥਕਾਂ ਨੇ ਵਾਲੰਟੀਅਰਾਂ ਵਾਲੀਆਂ ਜੈਕੇਟਾਂ ਪਾਈਆਂ ਹੋਈਆਂ ਸਨ। ਉਸ ਨੇ ਕੱਟੜਪੰਥੀ ਤਾਕਤਾਂ ਨਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਫਲੈਗਪੋਸਟ ਉਪਰ ਚੜ੍ਹਨ ਵਾਲੇ ਤਰਨ ਤਾਰਨ ਦੇ ਨੌਜਵਾਨ ਜੁਗਰਾਜ ਸਿੰਘ ਨੂੰ ਉਚੇਚੇ ਤੌਰ ’ਤੇ ਲਾਲ ਕਿਲੇ ’ਤੇ ਲਿਆਂਦਾ ਗਿਆ ਸੀ। ਦੀਪ ਸਿੱਧੂ 26 ਜਨਵਰੀ ਤੋਂ ਹੀ ਫ਼ਰਾਰ ਚੱਲ ਰਿਹਾ ਸੀ ਅਤੇ ਉਹ ਪੰਜਾਬ, ਯੂਪੀ, ਹਰਿਆਣਾ ਅਤੇ ਹਿਮਾਚਲ ’ਚ ਛੁਪਿਆ ਰਿਹਾ। ਉਸ ਨੇ ਲੁਕ-ਛਿਪ ਕੇ ਦੋ ਵਾਰ ਵੀਡੀਓ ਰਾਹੀਂ ਖ਼ੁਦ ਨੂੰ ਨਿਰਦੋਸ਼ ਦੱਸਿਆ ਸੀ। ਸੂਤਰਾਂ ਮੁਤਾਬਕ ਇਹ ਵੀਡੀਓ ਰਿਲੀਜ਼ ਕਰਨ ਲਈ ਉਸ ਨੇ ਕੈਲੀਫੋਰਨੀਆ ’ਚ ਰਹਿੰਦੀ ਮਹਿਲਾ ਦੋਸਤ ਤੋਂ ਮਦਦ ਲਈ ਸੀ।