ਚੇਨੱਈ, 14 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਾਮਿਲ ਨਾਡੂ ’ਚ ਸਵਦੇਸ਼ੀ ਅਰਜੁਨ ਮੁੱਖ ਜੰਗੀ ਟੈਂਕ (ਐੱਮਕੇ-1ਏ) ਫ਼ੌਜ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਦਿਆਂ ਰੇਲਵੇ ਸਣੇ ਵੱਖ-ਵੱਖ ਖੇਤਰਾਂ ਦੇ ਹੋਰ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਇਨ੍ਹਾਂ ਨੂੰ ਨਵੀਨੀਕਰਨ ਅਤੇ ਸਵਦੇਸ਼ੀ ਵਿਕਾਸ ਦੇ ਪ੍ਰਤੀਕ ਕਰਾਰ ਦਿੱਤਾ।
ਇੱਥੇ ਨਹਿਰੂ ਸਟੇਡੀਅਮ ’ਚ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਰਜੁਨ ਮੁੱਖ ਜੰਗੀ ਟੈਂਕ (ਐੱਮਕੇ-1ਏ) ਫ਼ੌਜ ਨੂੰ ਸਮਰਪਿਤ ਕੀਤਾ। ਸਮਾਗਮ ਮੌਕੇ ਉਨ੍ਹਾਂ ਇਸ ਅਤਿ-ਆਧੁਨਿਕ ਟੈਂਕ ਦੀ ਸਲਾਮੀ ਵੀ ਲਈ। ਰੱਖਿਆ ਖੋਜ ਵਿਕਾਸ ਸੰਗਠਨ (ਡੀਆਰਡੀਓ) ਦੀ ਇੱਥੇ ਸਥਾਪਤ ਜੰਗੀ ਵਾਹਨ ਖੋਜ ਅਤੇ ਵਿਕਾਸ ਸੰਸਥਾ ਵੱਲੋਂ ਬਣਾਏ ਗਏ ਇਸ ਟੈਂਕ ਦਾ ਡਿਜ਼ਾਈਨ ਵੀ ਦੇਸ਼ ਵਿੱਚ ਹੀ ਤਿਆਰ ਕੀਤਾ ਗਿਆ ਹੈ।
ਇਸੇ ਦੌਰਾਨ ਇੱਥੇ 3,770 ਕਰੋੜ ਰੁਪਏ ਦੇ ਮੈਟਰੋ ਰੇਲ ਪ੍ਰਾਜੈਕਟ ਦੇ ਪਹਿਲੇ ਪੜਾਅ ਦੇ ਵਿਸਥਾਰ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪੂਰੀ ਦੁਨੀਆਂ ਬਹੁਤ ਉਤਸ਼ਾਹ ਅਤੇ ਸਕਾਰਾਤਮਕਤਾ ਨਾਲ ਭਾਰਤ ਵੱਲ ਦੇਖ ਰਹੀ ਹੈ। ਸਖ਼ਤ ਮਿਹਨਤ ਨਾਲ ਇਹ ਦਹਾਕਾ ਭਾਰਤ ਦਾ ਹੋਣ ਵਾਲਾ ਹੈ। ਉਨ੍ਹਾਂ ਕਿਹਾ, ‘ਸਾਨੂੰ ਉਹ ਕਰਨਾ ਜਾਰੀ ਰੱਖਣਾ ਪਵੇਗਾ ਜੋ ਅਸੀਂ ਦੇਸ਼ ਦੇ ਵਿਕਾਸ ਅਤੇ ਦੁਨੀਆਂ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਲਈ ਕਰ ਸਕਦੇ ਹਾਂ। ਸਾਡੇ ਦੇਸ਼ ਦੇ ਸੰਵਿਧਾਨਘਾੜੇ ਸਾਡੇ ਵੀ ਤੋਂ ਇਹੀ ਚਾਹੁੰਦੇ ਸਨ।’ ਇਸ ਮੌਕੇ ਸ੍ਰੀ ਮੋਦੀ ਨੇ ਉੱਤਰੀ ਚੇਨੱਈ ’ਚ ਵਾਸ਼ਰਮੈਨਪੇਟ ਨੂੰ ਵਿਮਕੋ ਨਾਲ ਜੋੜਨ ਵਾਲੇ ਮੈਟਰੋ ਦੇ 9.01 ਕਿਲੋਮੀਟਰ ਲੰਬੇ ਹਿੱਸੇ ਦਾ ਉਦਘਾਟਨ ਵੀ ਕੀਤਾ। ਇਸ ਵਿਸਥਾਰ ਨਾਲ ਪਹਿਲੇ ਪੜਾਅ ਦੀ ਕੁੱਲ ਲੰਬਾਈ 54.05 ਕਿਲੋਮੀਟਰ ਹੋ ਗਈ ਹੈ। ਉਨ੍ਹਾਂ ਨੇ ਚੇਨੱਈ ਬੀਚ-ਅੱਟੀਪੱਟੂ ਦੀ ਚੌਥੀ ਪੱਟੜੀ ਅਤੇ ਬਿਜਲੀਕਰਨ ਕੀਤੀ ਗਈ ਵਿੱਲੂਪੁਰਮ ਦੀ ਕੁਡਲੌਰ-ਮਇਲਾਦੁਤੁਰਾਈ ਤੰਜਾਵਰ-ਮਇਲਾਦੁਤੁਰਾਈ ਤਿਰੁੂਵਰੂਰ ਸਿੰਗਲ ਰੇਲ ਪੱਟੜੀ ਵੀ ਦੇਸ਼ ਨੂੰ ਸਮਰਪਿਤ ਕੀਤੀ। ਉਨ੍ਹਾਂ ਨੇ ਆਈਆਈਟੀ ਮਦਰਾਸ ’ਚ ਇੱਕ ਡਿਸਕਵਰੀ ਕੈਂਪਸ ਦੀ ਨੀਂਹ ਵੀ ਰੱਖੀ, ਜਿਸ ਦਾ ਨਿਰਮਾਣ ਪਹਿਲੇ ਗੇੜ ’ਚ 1000 ਕਰੋੜ ਰੁਪਏ ਦੀ ਲਾਗਤ ਨਾਲ ਥਯੂਰ ’ਚ ਕੀਤਾ ਜਾਵੇਗਾ। -ਪੀਟੀਆਈ