ਨਵੀਂ ਦਿੱਲੀ, 13 ਜਨਵਰੀ
ਟੀਕਾਕਰਨ ਦੀ ਸ਼ੁਰੂਆਤ ਨਾਲ ਹੁਣ ਜਦੋਂ ਕਰੋਨਾਵਾਇਰਸ ਖ਼ਿਲਾਫ਼ ਲੜਾਈ ਫੈਸਲਾਕੁਨ ਗੇੜ ’ਚ ਦਾਖ਼ਲ ਹੋਣ ਲੱਗੀ ਹੈ ਤਾਂ ਕਰੋਨਾ ਲਾਗ ਦੇ ਕੇਸ ਤੇਜ਼ੀ ਨਾਲ ਘਟਣ ਲੱਗੇ ਹਨ। ਪਿਛਲੇ 24 ਘੰਟਿਆਂ ਵਿੱਚ 15,968 ਨਵੇਂ ਕੇਸਾਂ ਨਾਲ ਦੇਸ਼ ’ਚ ਕੋਵਿਡ-19 ਦੇ ਕੇਸ ਵੱਧ ਕੇ 1,04,147 ਹੋ ਗਏ ਹਨ। ਉਂਜ ਖੁ਼ਸ਼ਖਬਰ ਹੈ ਕਿ ਹੁਣ ਤੱਕ 1,01,29,111 ਲੋਕ ਕਰੋਨਾਵਾਇਰਸ ਦੀ ਲਾਗ ਨੂੰ ਭਾਂਜ ਦੇਣ ਵਿੱਚ ਸਫ਼ਲ ਰਹੇ ਹਨ। ਕਰੋਨਾ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਕੌਮੀ ਰਿਕਵਰੀ ਦਰ ਵਧ ਕੇ 96.51 ਫੀਸਦ ਦੇ ਅੰਕੜੇ ਨੂੰ ਪੁੱਜ ਗਈ ਹੈ। ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਜਾਰੀ ਅੰਕੜਿਆਂ ਮੁਤਾਬਕ 202 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ 1,51,529 ਹੋ ਗਈ ਹੈ। ਦੇਸ਼ ਵਿੱਚ ਕੋਵਿਡ-19 ਦੇ ਸਰਗਰਮ ਕੇਸਾਂ ਦਾ ਅੰਕੜਾ 2,14,507 ਹੈ, ਜੋ ਕੁੱਲ ਕੇਸਾਂ ਦਾ 2.04 ਫੀਸਦ ਹੈ। ਪਿਛਲੇ 197 ਦਿਨਾਂ ਦੌਰਾਨ ਸਰਗਰਮ ਕੇਸਾਂ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ। ਮੰਤਰਾਲੇ ਨੇ ਕਿਹਾ ਕਿ 74.82 ਫੀਸਦ ਨਵੇਂ ਕੇਸ ਸੱਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ ਹਨ।
ਇਸ ਦੌਰਾਨ ਯੂਕੇ ਵਿੱਚ ਮਿਲੇ ਕਰੋਨਾਵਾਇਰਸ ਦੇ ਨਵੇਂ ਰੂਪ ਨਾਲ ਪੀੜਤ ਮਰੀਜ਼ਾਂ ਦੀ ਭਾਰਤ ’ਚ ਗਿਣਤੀ ਵਧ ਕੇ 102 ਹੋ ਗਈ ਹੈ। ਦੋ ਦਿਨ ਪਹਿਲਾਂ ਤੱਕ ਇਹ ਅੰਕੜਾ 96 ਸੀ। ਸਿਹਤ ਮੰਤਰਾਲੇ ਨੇ ਕਿਹਾ ਕਿ ਵਾਇਰਸ ਦੇ ਯੂਕੇ ਵੇਰੀਐਂਟ ਨਾਲ ਪੀੜਤ ਸਾਰੇ ਲੋਕਾਂ ਨੂੰ ਸਬੰਧਤ ਸਿਹਤ ਸੰਭਾਲ ਕੇਂਦਰਾਂ ’ਚ ਇਕਾਂਤਵਾਸ ’ਚ ਰੱਖਿਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਨੂੰ ਵੀ ਹੋਰਨਾਂ ਨਾਲੋਂ ਵੱਖ ਕਰਦਿਆਂ ਉਨ੍ਹਾਂ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।
ਇਸ ਦੌਰਾਨ ਸਪਾਈਸਜੈੱਟ ਨੇ ਅੱਜ ਦਾਅਵਾ ਕੀਤਾ ਕਿ ਉਸ ਨੇ ਮੁੰਬਈ, ਪੁਣੇ ਤੇ ਹੈਦਰਾਬਾਦ ਤੋਂ ਦੇਸ਼ ਦੇ 11 ਸ਼ਹਿਰਾਂ ਵਿੱਚ ਸਾਢੇ ਤਿੰਨ ਟਨ ਕੋਵਿਡ-19 ਵੈਕਸੀਨ ਟਰਾਂਸਪੋਰਟ ਕੀਤੀ ਹੈ। ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੇ ਦੇਸ਼ ਦੇ ਸਭ ਤੋਂ ਵੱਡੇ ਟੀਕਾਕਰਨ ਪ੍ਰੋਗਰਾਮ ਲਈ ਮੰਗਲਵਾਰ ਤੋਂ ਕੋਵਿਡ-19 ਵੈਕਸੀਨ ਦੀ ਡਲਿਵਰੀ ਆਰੰਭ ਹੋ ਗਈ ਸੀ। ਏਅਰਲਾਈਨ ਨੇ ਇਕ ਬਿਆਨ ਵਿੱਚ ਕਿਹਾ ਕਿ ਸਪਾਈਸਜੈੱਟ ਨੇ ਕੋਵਿਡ-19 ਵੈਕਸੀਨ ਦੇ 111 ਬਕਸੇ, ਜਿਨ੍ਹਾਂ ਦਾ ਕੁੱਲ ਵਜ਼ਨ 3.5 ਟਨ ਹੈ, ਮੁੰਬਈ, ਪੁਣੇ ਤੇ ਹੈਦਰਾਬਾਦ ਤੋਂ ਦੇਹਰਾਦੂਨ, ਸ੍ਰੀਨਗਰ, ਜੰਮੂ, ਕਾਨਪੁਰ, ਗੋਰਖਪੁਰ, ਰਾਂਚੀ, ਰਾਜਕੋਟ, ਬੰਗਲੌਰ ਤੇ ਦਿੱਲੀ ਆਦਿ 11 ਸ਼ਹਿਰਾਂ ’ਚ ਭੇਜੇ ਹਨ। ਇਨ੍ਹਾਂ ਵਿੱਚ ਪੁਣੇ ਅਧਾਰਿਤ ਸੀਰਮ ਇੰਸਟੀਚਿਊਟ ਵੱਲੋਂ ਬਰਤਾਨਵੀ ਸਵੀਡਿਸ਼ ਕੰਪਨੀ ਆਕਸਫੋਰਡ-ਐਸਟਰਾਜ਼ੈਨੇਕਾ ਵੱਲੋਂ ਨਿਰਮਤ ਕੋਵੀਸ਼ੀਲਡ ਦਾ ਭਾਰਤੀ ਵੇਰੀਐਂਟ ਤੇ ਹੈਦਰਾਬਾਦ ਆਧਾਰਿਤ ਭਾਰਤ ਬਾਇਓਟੈੱਕ ਵੱਲੋਂ ਤਿਆਰ ਵੈਕਸੀਨ ‘ਕੋਵੈਕਸੀਨ’ ਸ਼ਾਮਲ ਹਨ। -ਪੀਟੀਆਈ